Harmander Virk
615 views
7 days ago
#🤘 My Status ਕਮਾਲ ਦੇਖੋ, ਸਾਨੂੰ ਮੁਫ਼ਤਖੋਰਾਂ ਨੂੰ ਵਾਤਾਵਰਣ ਪੂਰਾ ਇਮਾਨਦਾਰ ਚਾਹੀਦਾ! ਇਹ ਕੋਈ ਜੁਮਲਾ ਨਹੀਂ, ਸਾਡੇ ਸਮੇਂ ਦੀ ਸਭ ਤੋਂ ਵੱਡੀ ਵਿਡੰਬਨਾ ਹੈ। ਅਸੀਂ ਆਪਣੇ ਅੰਦਰ ਚਲਾਕੀਆਂ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਹਨ, ਪਰ ਬਾਹਰ ਦੀ ਦੁਨੀਆ ਨੂੰ ਸੱਚਾਈ ਦਾ ਮੰਦਰ ਦੇਖਣਾ ਚਾਹੁੰਦੇ ਹਾਂ। ਅਸੀਂ ਆਪਣੇ ਲਈ ਹਰ ਥਾਂ ਛੋਟੀਆਂ ਛੋਟੀਆਂ ਛੂਟਾਂ ਲੱਭਦੇ ਹਾਂ, ਪਰ ਪ੍ਰਣਾਲੀ ਤੋਂ ਹਰ ਜਗ੍ਹਾ ਵੱਡੀ ਇਮਾਨਦਾਰੀ ਦੀ ਉਮੀਦ ਕਰਦੇ ਹਾਂ, ਇਹ ਕਿਹੜਾ ਹਿਸਾਬ ਹੈ? ਕੁਦਰਤ ਅੱਗੇ “ਸਰਬੱਤ ਦਾ ਭਲਾ” ਮੰਗਣ ਵਾਲੀ ਕੌਮ ਦੇ ਮੌਜੂਦਾ ਫ਼ਰਜ਼ੰਦਾਂ ਦੇ ਹੱਥ, ਹੁਣ ਹਰ ਕਿਸੇ ਅੱਗੇ ਸਿਰਫ਼ ਖੁਦ ਦੇ ਭਲੇ ਲਈ ਜੁੜਦੇ ਹਨ। ਹੁੰਦੀ ਹਰ ਅਰਦਾਸ ਦੇ ਹੱਥਾਂ ‘ਚ ਅੱਜ ਆਪਣਾ ਹੀ ਲਾਭ ਲਿਖਿਆ ਹੁੰਦਾ ਹੈ। ਕਦੇ ਸਾਡੇ ਦਿਲ ਵੱਡੇ ਹੁੰਦੇ ਸਨ, ਹੁਣ ਮੰਗਣ ਲਈ ਜਿਗਰੇ ਵੱਡੇ ਹੋ ਗਏ ਨੇ। “ਮੰਗਿਆ ਬਗ਼ਲੀ ਪਾਇਆ” ਇਹ ਹੁਣ ਸਾਡੀ ਸੋਚ ਦਾ ਅਧਾਰ ਬਣ ਗਿਆ ਹੈ। ਅਸੀਂ ਮੰਗਿਆ, ਬਗ਼ਲੀ ਪਾਇਆ, ਫਿਰ ਮੁੜ ਮੰਗਣ ਲਈ ਤਿਆਰ ਰਹਿੰਦੇ ਹਾਂ ਤੇ ਇਸ ਨੂੰ ਆਪਣੀ ਅਕਲਮੰਦੀ ਸਮਝਦੇ ਹਾਂ। ਸੱਜਣੋ ਮੁਫ਼ਤਖੋਰੀ ਸਿਰਫ਼ ਆਦਤ ਨਹੀਂ, ਇਹ ਇੱਕ ਮਨੋਵਿਗਿਆਨਕ ਬਿਮਾਰੀ ਹੈ। ਜਿਸ ਸਮਾਜ ਵਿੱਚ ਵੜ ਗਈ ਸਭ ਤਬਾਹ ਕਰ ਦਿੰਦੀ ਹੈ। ਫਿਰ ਮਰੀਜ਼ ਕਹਿੰਦਾ ਹੈ ਕਿ “ਜਿੱਥੋਂ ਮਿਲੇ, ਲੈ ਲੈ” ਭਾਵੇਂ ਹੱਕ ਹੋਵੇ ਜਾਂ ਨਾ ਹੋਵੇ। ਅਸੀਂ ਛੋਟਿਆਂ ਫਾਇਦਿਆਂ ਲਈ ਵੱਡੇ ਨੁਕਸਾਨ ਨੂੰ ਅਣਡਿੱਠਾ ਕਰ ਦਿੰਦੇ ਹਾਂ। “ਕੀ ਫ਼ਰਕ ਪੈਂਦਾ ਹੈ?” ਇਹੀ ਵਾਕ ਸਾਨੂੰ ਅੰਦਰੋਂ ਖੋਕਲਾ ਕਰ ਰਿਹਾ ਹੈ। ਕਿਉਂਕਿ ਇਹੀ ਛੋਟਾ ਜਿਹਾ ਫ਼ਰਕ ਇਕ ਦਿਨ ਸਮਾਜ ਦੇ ਨੈਤਿਕ ਢਾਂਚੇ ਨੂੰ ਗਿਰਾ ਦਿੰਦਾ ਹੈ। ਸਰਦੇ-ਪੁੱਜਦੇ ਲੋਕ ਸਰਕਾਰ ਤੋਂ 2000 ਰੁਪਏ ਮਹੀਨਾ ਲੈ ਰਹੇ ਨੇ। ਜਿਨ੍ਹਾਂ ਕੋਲ ਸਭ ਕੁਝ ਹੈ, ਉਹ ਵੀ ਹੱਕਦਾਰਾਂ ਦੀ ਲਾਈਨ ‘ਚ ਮੂਹਰੇ ਹੋ ਕੇ ਖੜ੍ਹੇ ਨੇ। ਸਿਰਫ਼ ਪੈਸਾ ਨਹੀਂ, ਇਹ ਕਿਸੇ ਅਸਲ ਲੋੜਵੰਦ ਦੀ ਥਾਲੀ ‘ਚੋਂ ਰੋਟੀ ਚੁੱਕਣਾ ਹੈ। ਇਹ ਸਮਾਜਕ ਅਨਿਆਂ ਹੈ, ਜਿਸ ਨੂੰ ਅਸੀਂ “ਸਮਝਦਾਰੀ” ਦੇ ਨਾਮ ‘ਤੇ ਜਾਇਜ਼ ਠਹਿਰਾ ਲੈਂਦੇ ਹਾਂ। ਸ਼ਰਮ ਕਰੋ ਜੋ ਦੇ ਸਕਦੇ ਨੇ, ਉਹ ਵੀ ਲੈ ਰਹੇ ਨੇ ਤੇ ਜੋ ਸੱਚਮੁੱਚ ਕਿਸੇ ਯੋਜਨਾ ਦੇ ਲੋੜਵੰਦ ਨੇ, ਉਹ ਕਾਗਜ਼ਾਂ ਦੇ ਜਾਲ ‘ਚ ਫਸੇ ਹੋਏ, ਆਪਣਾ ਪੱਖ ਪੇਸ਼ ਕਰਨ ਵਿੱਚ ਵੀ ਪਛੜ ਜਾਂਦੇ ਹਨ। ਧਾਰਮਿਕ ਸਥਾਨਾਂ ਨੂੰ ਜਾਂਦੀਆਂ ਮੁਫ਼ਤ ਬੱਸਾਂ, ਜੋ ਬਜ਼ੁਰਗਾਂ ਲਈ ਚਲਦੀਆਂ ਨੇ, ਉਹਨਾਂ ‘ਚ ਜਵਾਨ ਅਧਾਰਾਂ ਦੀ ਹੇਰਾਫੇਰੀ ਨਾਲ ਸਫ਼ਰ ਕਰਦੇ ਨੇ। ਇਹ ਕਿਹੜੀ ਸ਼ਰਧਾ ਹੈ? ਬਾਹਰੋਂ ਚਿੱਟੇ, ਅੰਦਰੋਂ ਕਾਲੇ। ਅਸੀਂ ਦਰਸ਼ਨ ਦਿਦਾਰ ਕਰਨ ਜਾਂਦੇ ਹਾਂ, ਪਰ ਦਰਸ਼ਨ ਤੋਂ ਪਹਿਲਾਂ ਹੀ ਆਪਣੇ ਕਰਮਾਂ ਨਾਲ ਅੰਦਰਲੇ ਦਰਪਣ ਨੂੰ ਮੈਲਾ ਕਰ ਲੈਂਦੇ ਹਾਂ। ਗੁਰੂ ਘਰਾਂ ਨੂੰ ਸ਼ਰਧਾ ‘ਚ ਦੇਣਾ ਤਾਂ ਕੀ, ਮਿਲਣ ਵਾਲੇ ਕੰਬਲ, ਕਪੜੇ, ਲੰਗਰ ਜੋ ਆਪਸੀ ਸਾਂਝ ਦੇ ਪ੍ਰਤੀਕ ਨੇ। ਪਰ ਅਸੀਂ ਉਹਨਾਂ ਨੂੰ ਵੀ ਆਪਣੀ ਮਲਕੀਅਤ ਬਣਾ ਕੇ ਘਰ ਲੈ ਜਾਂਦੇ ਹਾਂ। ਸਾਡੀ ਜਾਨਵਰਾਂ ਤੋਂ ਖ਼ਤਰਨਾਕ ਸੋਚ ਬਣ ਗਈ ਹੈ। ਬਿਪਤਾ ‘ਚ ਅਸੀਂ ਮਾਫ਼ੀ ਮੰਗਦੇ ਹਾਂ, ਪਰ ਗ਼ਲਤੀ ਛੱਡਦੇ ਨਹੀਂ। ਅਸੀਂ ਰੱਬ ਨੂੰ ਵੀ ਆਪਣੇ ਹਿਸਾਬ ਨਾਲ ਮਨਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਾਡੀ ਆਤਮਿਕ ਗਿਰਾਵਟ ਦੀ ਨਿਸ਼ਾਨੀ ਹੈ। ਗੱਲ ਤਰਕ ਨਾਲ ਕਰੀਏ ਤਾਂ….. ਜਦ ਮਜ਼ਬੂਤ ਕਮਜ਼ੋਰ ਦਾ ਹੱਕ ਖਾਂਦਾ ਹੈ, ਸਮਾਜ ਦਾ ਸੰਤੁਲਨ ਟੁੱਟਦਾ ਹੈ। ਜਦ ਸੰਤੁਲਨ ਟੁੱਟਦਾ ਹੈ, ਵਿਸ਼ਵਾਸ ਟੁੱਟਦਾ ਹੈ ਤੇ ਜਦ ਵਿਸ਼ਵਾਸ ਟੁੱਟਦਾ ਹੈ, ਫਿਰ ਹਰ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ। ਅੰਤ ਵਿੱਚ ਸਜ਼ਾ ਸਾਰੇ ਭੁਗਤਦੇ ਨੇ ਚਾਹੇ ਗ਼ਲਤੀ ਕਿਸੇ ਦੀ ਵੀ ਹੋਵੇ। ਅਸੀਂ ਆਪਣੇ ਆਗੂਆਂ ਦੀਆਂ ਨਜ਼ਰਾਂ ਗਿਰ ਕੇ, ਉਮੀਦ ਕਰਦੇ ਹਾਂ ਕਿ ਸਾਰਾ ਸਰਕਾਰੀ ਢਾਂਚਾ ਪੂਰਾ ਇਮਾਨਦਾਰ ਹੋਵੇ। ਪਰ ਸਵਾਲ ਇਹ ਹੈ ਕਿ ਜਦ ਨਾਗਰਿਕ ਹੀ ਇਮਾਨਦਾਰ ਨਹੀਂ, ਤਾਂ ਪ੍ਰਣਾਲੀ ਕਿਵੇਂ ਇਮਾਨਦਾਰ ਹੋਵੇਗੀ? ਪ੍ਰਣਾਲੀ ਕੋਈ ਵੱਖਰੀ ਚੀਜ਼ ਨਹੀਂ। ਇਹ ਸਾਡੇ ਵਰਗੇ ਹੀ ਲੋਕਾਂ ਨਾਲ ਬਣਦੀ ਹੈ। ਜਦ ਅਸੀਂ ਛੋਟੀ ਬੇਇਮਾਨੀ ਨੂੰ ਜਾਇਜ਼ ਮੰਨ ਬੈਠਦੇ ਹਾਂ, ਤਾਂ ਵੱਡੀ ਬੇਇਮਾਨੀ ਨੂੰ ਰੋਕਣ ਦੇ ਸਭ ਅਧਿਕਾਰ ਖੋ ਬੈਠਦੇ ਹਾਂ। ਸਾਡਾ ਦੋਹਰਾ ਮਾਪਦੰਡ ਸਾਡੀ ਸਭ ਤੋਂ ਵੱਡੀ ਨਾਕਾਮੀ ਹੈ। ਅਸੀਂ ਬੀਜ ਕੁਝ ਹੋਰ ਬੀਜਦੇ ਹਾਂ ਤੇ ਫਲ ਕੁਝ ਹੋਰ ਚਾਹੁੰਦੇ ਹਾਂ। ਮੈਂ ਹੈਰਾਨ ਹਾਂ ਕਿ “ਕੁਦਰਤ ਸਾਡੀ ਕਾਰਗੁਜ਼ਾਰੀ ‘ਤੇ ਕੀ ਸੋਚਦੀ ਹੋਵੇਗੀ?” ਕੁਦਰਤ ਚੁੱਪ ਹੈ, ਪਰ ਅੰਨੀ ਨਹੀਂ। ਉਹ ਹਿਸਾਬ ਕਰਦੀ ਹੈ। ਉੱਥੇ ਨਾ ਕੋਈ ਜੁਗਤ ਚੱਲਦੀ ਹੈ, ਨਾ ਕੋਈ ਸਿਫ਼ਾਰਸ਼। ਜਿੰਨਾ ਬੀਜਾਂਗੇ, ਓਨਾ ਹੀ ਕੱਟਾਂਗੇ। ਅਸੀਂ ਜੇ ਲਾਲਚ ਬੀਜਾਂਗੇ ਤਾਂ ਅਣਭਰੋਸਾ ਕੱਟਾਂਗੇ, ਜੇ ਸੱਚਾਈ ਬੀਜਾਂਗੇ ਤਾਂ ਸੁੱਖ ਤੇ ਸਾਂਝ ਕੱਟਾਂਗੇ। ਸੁਧਾਰ ਦੀ ਸ਼ੁਰੂਆਤ ਬੜੀ ਸਿੱਧੀ ਹੈ, ਪਰ ਹਿੰਮਤ ਮੰਗਦੀ ਹੈ ਕਿ… ਜਿੱਥੇ ਹੱਕ ਨਹੀਂ, ਓਥੇ ਹੱਥ ਪਿੱਛੇ ਕਰਨਾ ਚਾਹੀਦਾ ਹੈ। ਜਿੱਥੇ ਲੋੜਵੰਦ ਦਿੱਸੇ, ਓਥੇ ਹੱਥ ਅੱਗੇ ਕਰਨਾ ਚਾਹੀਦਾ ਹੈ। ਤੇ ਜਿੱਥੇ ਅੰਦਰ ਦੀ ਆਵਾਜ਼ ਆਖੇ “ਇਹ ਗਲਤ ਹੈ” ਓਥੇ ਆਪਣੇ ਆਪ ਨੂੰ ਰੋਕਣਾ ਚਾਹੀਦਾ ਹੈ। “ਸਰਬੱਤ ਦਾ ਭਲਾ” ਸਿਰਫ਼ ਬੋਲ ਨਹੀਂ, ਜ਼ਿੰਮੇਵਾਰੀ ਹੈ। ਇਹ ਅਰਦਾਸ ਨਾਲ ਨਹੀਂ, ਅਮਲ ਨਾਲ ਪੂਰੀ ਹੁੰਦੀ ਹੈ। ਮੁਫ਼ਤਖੋਰੀ ਨਾਲ ਪੇਟ ਤਾਂ ਭਰ ਸਕਦਾ ਹੈ, ਪਰ ਜ਼ਮੀਰ ਹਮੇਸ਼ਾ ਭੁੱਖੀ ਹੀ ਰਹਿੰਦੀ ਹੈ ਅਤੇ ਜਦ ਤੱਕ ਜ਼ਮੀਰ ਭੁੱਖੀ ਰਹੇਗੀ, ਸਮਾਜ ਕਦੇ ਤੰਦਰੁਸਤ ਨਹੀਂ ਹੋ ਸਕਦਾ। ✍🏻ਹਰਫੂਲ ਸਿੰਘ ਭੁੱਲਰ 🌹 ਹਰਮੰਦਰ ਸਿੰਘ ਵਿਰਕ 📞+919463215026 @ਹਾਈਲਾਈਟ ਕਰੋ Flowers Online