Harmander Virk
572 views
7 days ago
#🤘 My Status ਸਮੇਂ ਦਾ ਦਾਨ ************ ਭਾਵੁਕ ਇਨਸਾਨਾਂ ਦੀ ,ਜ਼ਿੰਦਗੀ ਦੇ ਸਫ਼ਰ 'ਚ ਵਿਚਰਦਿਆਂ ਪਤਾ ਨਹੀਂ ਕਦੋਂ ?ਕਿੱਥੇ?ਕਿਸ ਨਾਲ ਭਾਵੁਕ ਸਾਂਝ ਬਣ ਜਾਂਦੀ ਹੈ l ਅਸੀਂ ਸਾਰੇ ਪਤਾ ਨਹੀਂ ਮਨਾਂ 'ਚ ਕੀ ਕੁੱਝ ਲਈ ਫਿਰਦੇ ਆਂ ,ਜੋ ਕਿਸੇ ਨਾਲ ਸਾਂਝਾ ਹੋ ਜਾਵੇ ਤਾਂ ਸ਼ਾਇਦ ਜ਼ਿੰਦਗੀ ਤੋਂ ਉਦਾਸ ਇਨਸਾਨ ਵੀ ਜ਼ਿੰਦਗੀ ਨੂੰ ਭੰਗ ਦੇ ਭਾੜੇ ਨਾ ਗਵਾਉਣ l ਕੁੱਝ ਗੱਲਾਂ ਅਸੀਂ ਖੂਨ ਦੇ ਰਿਸ਼ਤਿਆਂ ਜਾਂ ਆਪਣੇ ਨਜ਼ਦੀਕੀਆਂ ਨਾਲ ਵੀ ਸਾਂਝੀਆਂ ਨਹੀਂ ਕਰ ਸਕਦੇ ਕਿਉਂਕਿ ਪਤਾ ਨਹੀਂ ਜ਼ਿੰਦਗੀ ਦੇ ਕਿਸ ਮੋੜ 'ਤੇ ਉਹੀ ਗੱਲਾਂ ਸਾਡੇ ਲਈ ਮਿਹਣੇ ਬਣ ਜਾਣ,ਪਰ ਜਦ ਕੋਈ ਓਪਰਾ ਇਨਸਾਨ ਸਾਨੂੰ ਵਿਚਾਰਾਂ ਦੇ ਅਦਾਨ - ਪ੍ਰਦਾਨ ਤੋਂ ਚੰਗਾ ਲੱਗੇ,ਤਾਂ ਉਸ ਕੋਲ ਦਿਲ ਦਾ ਸਾਰਾ ਦੁੱਖ ਸਾਂਝਾ ਕਰ ਲੈਂਦੇ ਆਂ l ਮੈਨੂੰ ਲੱਗਦਾ ,ਖਾਸ ਕਰ ਹੁਣ ਦੀ ਬੋਝ ਭਰੀ ਜ਼ਿੰਦਗੀ ਵਿੱਚ ਜੇ ਕਿਸੇ ਨੂੰ ਆਪਣੇ ਸਮੇਂ ਦਾ ਦਾਨ ਦੇ ਦੇਈਏ ਤਾਂ ਸ਼ਾਇਦ ਬਹੁਤ ਵੱਡਾ ਪੁੰਨ ਹੈl ਵਿਦੇਸ਼ ਦੇ ਇੱਕ ਲੰਬੇ ਬੱਸ ਸਫ਼ਰ ਵਿੱਚ ਇੱਕ ਪੈਂਤੀ ਕੁ ਸਾਲ ਦਾ ਮੁੰਡਾ ਮਿਲਿਆ l ਉਹ ਮੇਰੇ ਬਰਾਬਰ ਵਾਲੀ ਨਾਲ ਦੀ ਸੀਟ 'ਤੇ ਬੈਠਾ ਹੋਣ ਕਰਕੇ ਵਾਰ -ਵਾਰ ਕੋਈ ਗੱਲ ਸ਼ੁਰੂ ਕਰ ਰਿਹਾ ਸੀ l ਮੈਨੂੰ ਭਾਵੇਂ ਨੀਂਦ ਆ ਰਹੀ ਸੀ, ਪਰ ਮੈਨੂੰ ਲੱਗਿਆ ਕਿ ਉਸ ਦੇ ਅੰਦਰ ਕੋਈ ਗੁਭ੍ਹ- ਗੁਲਾਟ ਹੈ,ਜਿਸ ਨੂੰ ਉਹ ਮੇਰੇ ਨਾਲ ਸਾਂਝਾ ਕਰਨਾ ਚਾਹੁੰਦਾ ਹੈl ਰਸਮੀ ਜਾਣ ਪਹਿਚਾਣ ਦੀਆਂ ਗੱਲਾਂ ਕਰਦੇ -ਕਰਦੇ ਪਤਾ ਹੀ ਨਹੀਂ ਕਦੋਂ ਸਾਡੇ ਵਿੱਚ ਏਨੀ ਕੁ ਭਾਵੁਕ ਸਾਂਝ ਬਣ ਗਈ ਕਿ ਉਸ ਮੁੰਡੇ ਨੇ ਮੈਨੂੰ ਆਪਣੇ ਪਰਦੇਸੀ ਜੀਵਨ ਦੀ ਹਰ ਉਹ ਘਟਨਾ ਦੱਸੀ, ਜਿਸ ਵਿੱਚ ਉਹ ਬਹੁਤ ਦੁਖੀ ਜਾਂ ਖੁਸ਼ ਹੋਇਆ ਸੀ l ਸ਼ਾਇਦ ਉਹ ਅੰਦਰੋਂ ਬਹੁਤ ਭਰਿਆ ਹੋਇਆ ਸੀ l ਉਸਨੇ ਮੇਰੇ ਨਾਲ ਆਪਣੀ ਜ਼ਿੰਦਗੀ ਦੇ ਕੌੜੇ ਸੱਚ ,ਕੁੱਝ ਪਛਤਾਵੇ ,ਜੋ ਉਸ ਨੂੰ ਹਰ ਪਲ ਡੰਗ ਮਾਰਦੇ ਸਨ ,ਸਾਂਝੇ ਕੀਤੇ l ਉਸਨੇ ਭਰੇ ਮਨ ਨਾਲ ਦੱਸਿਆ ਕਿ ਵਿਦੇਸ਼ ਵਿੱਚ ਕੋਈ ਨੇੜੇ ਦੇ ਪਿੰਡਾਂ ਦਾ ਮੁੰਡਾ ,ਜੋ ਕਿਸੇ ਹੋਰ ਸਿਟੀ ਵਿੱਚ ਸੀ,ਉਸਨੂੰ ਅਕਸਰ ਫੋਨ ਕਰਦਾ ਰਿਹਾ ਕਿ ਮੈਂਨੂੰ ਫ਼ਰੀ ਹੋ ਕੇ ਫੋਨ ਕਰੀਂ ,ਪਰ ਮੈਂ ਆਮ ਇਨਸਾਨਾਂ ਦੀ ਮਾਨਸਿਕਤਾ ਵਾਂਗ, ਇਹੀ ਸੋਚਦਾ ਰਿਹਾ ਕਿ ਪੈਸੇ ਮੰਗਦਾ ਹੋਊ , ਇਹੀ ਸੋਚ ਕੇ ਬੇ-ਧਿਆਨ ਕਰਦਾ ਰਿਹਾ ਤੇ ਇੱਕ ਦਿਨ ਉਸ ਦੇ ਖ਼ੁਦਕੁਸ਼ੀ ਕਰ ਜਾਣ ਦੀ ਖ਼ਬਰ ਨੇ ਮੈਨੂੰ ਅੱਜ ਤੱਕ ਬੇਚੈਨ ਕੀਤਾ ਹੋਇਆ l ਜਦੋਂ ਕਿ ਉਹ ਸਿਰਫ਼ ਮੇਰੇ ਨਾਲ ਆਪਣੇ ਘਰ ਦਾ ਕੋਈ ਕਲੇਸ਼ ਸਾਂਝਾ ਕਰਨਾ ਚਾਹੁੰਦਾ ਸੀ ,ਪੈਸੇ ਦੀ ਕੋਈ ਤੰਗੀ ਨਹੀਂ ਸੀ l ਉਸ ਮੁੰਡੇ ਨੇ ਜਿਸ ਵਿਸ਼ੇ 'ਤੇ ਲਗਾਤਾਰ ਦੋ ਘੰਟੇ ਗੱਲ ਸਾਂਝੀ ਕੀਤੀ ,ਉਂਹ ਸੀ ਉਸ ਦੀ ਮਾਂ ਦਾ ਅਚਾਨਕ ਦੁਨੀਆਂ 'ਚੋਂ ਚਲੇ ਜਾਣਾ l ਉਸ ਨੇ ਹਸਪਤਾਲ ਪਈ ਮਾਂ ਦੀਆਂ ਫੋਟੋ ਤੇ ਵੀਡੀਓ ਕਾਲਾਂ ਸੰਭਾਲ ਕੇ ਰੱਖੀਆਂ ਹੋਈਆਂ ਸਨ,ਜਿਸ ਵਿੱਚ ਮਾਂ ਦੇ ਨਲਕੀਆਂ ਲੱਗੀਆਂ ਕਾਰਨ ਬੋਲ ਨਹੀਂ ਸਕਦੀ ਸੀ ਪਰ ਅੱਖਾਂ ਚੋਂ ਵਗਦਾ ਪਾਣੀ ਦਿੱਸ ਰਿਹਾ ਸੀ ,ਜੋ ਸ਼ਾਇਦ ਦੁਖੀ ਹੋ ਕੇ ਕੰਟਰੋਲ ਕਰਨ ਦਾ ਯਤਨ ਵੀ ਕਰ ਰਹੀ ਸੀ , ਜਿਸ ਨੇ ਮੈਨੂੰ ਵੀ ਬਹੁਤ ਭਾਵੁਕ ਕੀਤਾ l ਕਹਿੰਦਾ ਮੇਰਾ ਵੀਜ਼ਾ ਇਸ ਤਰਾਂ ਦਾ ਸੀ ਕਿ ਮੈਂ ਜਾ ਨਹੀਂ ਸਕਦਾ ਸੀ l ਮਾਂ ਕੋਲ ਬਾਪੂ ਇਕੱਲਾ ਹੀ ਸੀ l ਘਰ ਦੀ ਗਰੀਬੀ ਦੂਰ ਕਰਨ ਲਈ ,ਦਿਲ 'ਤੇ ਪੱਥਰ ਰੱਖ ,ਵਖਤਾਂ ਨਾਲ ਭੇਜੇ ਇਕਲੌਤੇ ਪੁੱਤ ਨੂੰ ,ਮਾਂ ਇਸ਼ਾਰੇ ਨਾਲ ਰੋਕਦੀ ਰਹੀ ਕਿ ਮੈਂ ਠੀਕ ਆਂ ਤੂੰ ਨਹੀਂ ਆਉਣਾ l ਬਾਪੂ ਦਿਨ 'ਚ ਦੋ ਵਾਰ ਮੈਨੂੰ ਫੋਨ 'ਤੇ ਮਾਂ ਨੂੰ ਵਿਖਾਉਂਦਾ ਸੀ, ਪਰ ਜਿਸ ਰਾਤ ਮਾਂ ਗਈ,ਬਾਪੂ ਮੈਨੂੰ ਕਹਿੰਦਾ ਕਿ ਪੁੱਤ ਤੇਰੀ ਮਾਂ ਹੁਣ ਠੀਕ ਆ l ਉਸ ਦੀਆਂ ਨਲਕੀਆਂ ਵੀ ਉੱਤਰ ਗਈਆਂ ਹਨ l ਉਸ ਨੂੰ ਸੌਖਾ ਵੀ ਸਾਹ ਆ ਰਿਹਾ ਐ ਤੇ ਉਸ ਨੂੰ ਨੀਂਦ ਵੀ ਆ ਗਈ ਐ l ਮੈਨੂੰ ਵੀ ਬਹੁਤ ਦਿਨ ਹੋਗੇ ਸੁੱਤਾ ਨਹੀਂ, ਸੋ ਤੂੰ ਹੁਣ ਵਾਰ- ਵਾਰ ਫੋਨ ਨਾ ਕਰੀਂ,ਕੱਲ੍ਹ ਦਿਨੇ ਗੱਲ ਕਰਾਂਗੇ l ਮੈਂ ਕਿਹਾ ਕਿ ਬਾਪੂ ਮੈਨੂੰ ਸੁੱਤੀ ਮਾਂ ਵਿਖਾ ਤਾਂ ਦੇ l ਬਾਪੂ ਨੇ ਕਿਹਾ ਕਿ ਡਾਕਟਰ ਜਾਣ ਨੀ ਦਿੰਦੇ ਪੁੱਤ, ਕਹਿੰਦੇ ਮਰੀਜ਼ ਨੂੰ ਪ੍ਰੇਸ਼ਾਨ ਨਾ ਕਰੋl ਨੀਂਦ ਦਾ ਇੰਜੈਕਸ਼ਨ ਦਿੱਤਾ ਹੋਇਆ l ਤੂੰ ਰੋਟੀ ਪਾਣੀ ਛਕ ਕੇ ਅਰਾਮ ਨਾਲ ਸੌਂਜਾ l ਬਾਪੂ ਨੇ ਇਹ ਗੱਲਾਂ ਐਨੇ ਮਜ਼ਬੂਤ ਦਿਲ ਨਾਲ ਕਹੀਆਂ ਕਿ ਮੈਨੂੰ ਕੁੱਝ ਯਕੀਨ ਆ ਗਿਆl ਰਾਤ ਨੂੰ ਤੋੜਾ -ਖੋਹੀ ਜ਼ਰੂਰ ਲੱਗੀ ਰਹੀ l ਭੈੜੇ -ਭੈੜੇ ਖ਼ਿਆਲ ਵੀ ਆਉਂਦੇ ਰਹੇ l ਫੋਨ ਕਰਨ ਨੂੰ ਦਿਲ ਕਰੇ ਪਰ ਫ਼ੇਰ ਸੋਚ ਲਵਾਂ ਕਿ ਬਾਪੂ ਐਨੇ ਦਿਨਾਂ ਬਾਦ ਸੁੱਤਾ, ਕਾਹਨੂੰ ਪ੍ਰੇਸ਼ਾਨ ਕਰਨਾ l ਕਦੇ ਲੱਗੇ ਵੀ ਕਿਤੇ ਮਾਂ,,,? ਪਰ ਫੇਰ ਦਿਲ ਕਹੇ ਕਿ ਬਾਪੂ ਤਾਂ ਐਨਾ ਥੋੜ੍ਹ ਦਿਲਾ ਆ ,ਪਰ ਬਾਪੂ ਦੇ ਬੋਲਾਂ 'ਚ ਹੌਂਸਲਾ ਸੀ l ਤੜਕੇ ਜੇ ਨੀਂਦ ਆ ਗਈ l ਅਚਾਨਕ ਲੱਗਿਆ ਜਿਵੇਂ ਮਾਂ ਨੇ ਆਵਾਜ਼ ਮਾਰੀ ਹੋਵੇ l ਮੈਂ ਅੱਬੜਵਾਹੇ ਉੱਠਿਆ ਤਾਂ ਕਾਫ਼ੀ ਦਿਨ ਚੜ੍ਹਿਆ ਹੋਇਆ ਸੀ l ਬਾਪੂ ਨੂੰ ਫੋਨ ਲਾਇਆ ਤਾਂ ਫੋਨ ਬੰਦ ਆ ਰਿਹਾ ਸੀ l ਦਿਲ ਦੀ ਵਧੀ ਧੜਕਣ ਨਾਲ ,ਵਾਹਿਗੁਰੂ -ਵਾਹਿਗੁਰੂ ਕਰਦਿਆਂ ,ਵਾਰ- ਵਾਰ ਫੋਨ ਕੀਤਾ ਪਰ ਫੋਨ ਬੰਦ ਆਵੇ l ਫੇਰ ਪਿੰਡ ਚਾਚੇ ਘਰ ਫੋਨ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਮੁੱਕੀ ਮਾਂ ਨੂੰ ਰਾਤ ਹੀ ਬਾਪੂ ਪਿੰਡ ਲਿਆਇਆ ਤੇ ਹੁਣ ਸਸਕਾਰ ਦੀ ਤਿਆਰੀ ਆ l ਉਨ੍ਹਾਂ ਮੈਨੂੰ ਭੁੱਬਾਂ ਮਾਰਦੇ ਨੂੰ ਸਭ ਕੁੱਝ ਫੋਨ ਫੋਨ 'ਤੇ ਦਿਖਾਇਆ, ਸ਼ਾਇਦ ਮੈਨੂੰ ਜ਼ਿੰਦਗੀ ਗੁਆ ਚੁੱਕੇ ਦੋਸਤ ਦਾ ਸਰਾਪ ਲੱਗ ਗਿਆ ਸੀ l ਉਹ ਮੁੰਡਾ ਨਿੱਕੀ ਤੋਂ ਨਿੱਕੀ ਗੱਲ ਵੀ ਮੈਨੂੰ ਐਨੇ ਵਿਸਥਾਰ ਨਾਲ ਦੱਸ ਰਿਹਾ ਸੀ ਜਿਵੇਂ ਉਹ ਮੁੜ ਦੁਬਾਰਾ ਉਨ੍ਹਾਂ ਪਲਾਂ ਨੂੰ ਜੀਅ ਰਿਹਾ ਹੋਵੇ,ਤੇ ਹੌਲਾ ਵੀ ਹੋ ਰਿਹਾ ਹੋਵੇ l ਦੁਨੀਆਂ ਹੱਸਦਿਆਂ ਨਾਲ ਹੀ ਹੱਸਦੀ ਆ l ਅਕਸਰ ਹੀ ਸਾਡਾ ਦਿਲ ਕਰਦਾ ਹੁੰਦਾ ਕਿ ਅਸੀਂ ਆਪਣੇ ਤੁਰ ਗਏ ਪਿਆਰਿਆਂ ਦੀ ਨਿੱਕੀ ਤੋਂ ਨਿੱਕੀ ਗੱਲ ਵੀ ਕਿਸੇ ਨਾਲ ਸਾਂਝੀ ਕਰੀਏ ,ਜੋ ਸਾਨੂੰ ਸਕੂਨ ਦਿੰਦੀ ਆ l ਮੈਂ ਖ਼ੁਦ ਬਹੁਤ ਦੁਖੀਆਂ ਦੀਆਂ ਵਗਦੀਆਂ ਅੱਖਾਂ ਨਾਲ ਉਨ੍ਹਾਂ ਦੇ ਪਿਆਰਿਆਂ ਦੀਆਂ ਯਾਦਾਂ ਸੁਣੀਆਂ ਤੇ ਸੁਣਾਈਆਂ ਵੀ ਹਨ l ਕਹਿੰਦਾ ਹੁਣ ਬਾਪੂ ਨੂੰ ਕਿਹਾ ਕਿ ਤੂੰ ਮੇਰੇ ਕੋਲ ਆ ਜਾ l ਮੈਂ ਉਸ ਨੂੰ ਕਿਹਾ ਕਿ ਪੁੱਤ ਬਾਪੂ ਨੂੰ ਬਾਹਲਾ ਮੋਹ ਦੇਈਂ ,ਉਹਦੀ ਸੇਵਾ ਕਰੀਂ l ਮੇਰਾ ਸਟੇਸ਼ਨ ਨੇੜੇ ਆ ਰਿਹਾ ਸੀ l ਪਤਾ ਨਹੀਂ ਮਮਤਾ ਦਾ ਉਹ ਕਿਹੜਾ ਤੰਦ ਸੀ, ਜਿਸ ਦੀ ਮੈਨੂੰ ਉਸ ਤੋਂ ਵਿਛੜਨ ਦੀ ਖੋਹ ਪੈ ਰਹੀ ਸੀ l ਉਹ ਮੇਰੇ ਨਾਲ ਉੱਤਰਿਆ ,ਮੇਰੇ ਪੈਰੀਂ ਹੱਥ ਲਾਏ ਤੇ ਮੈਂ ਵੀ ਉਸਨੂੰ ਅਸ਼ੀਰਵਾਦ ,ਪਿਆਰ ਦਿੱਤਾ l ਉਹ ਭਰੀਆਂ ਅੱਖਾਂ ਨਾਲ ਮੁਸਕਰਾਉਂਦਾ , ਮੈਨੂੰ ਬਾਏ- ਬਾਏ ਕਰਦਾ ਬੱਸ ਵਿੱਚ ਚੜ੍ਹ ਗਿਆ ਤੇ ਮੈਂ ਸੁੰਨ ਹੋਈ ਖੜੀ,ਜਾਂਦੀ ਬੱਸ ਨੂੰ ਵੇਖਦੀ ਰਹੀ,ਪਰ ਮੇਰੇ ਦਿਲ ਨੂੰ ਇਕ ਸਕੂਨ ਸੀ ਕਿ ਮੈਂ ਉਸ ਨੂੰ ਸਮੇਂ ਦਾ ਦਾਨ ਦੇ ਕੇ ,ਖ਼ੁਦ ਨੂੰ ਵੀ ਹੌਲਾ ਮਹਿਸੂਸ ਕਰ ਰਹੀ ਸੀ l ✍🏼ਅੰਮ੍ਰਿਤਾ ਸਰਾਂ 🌹 ਜੈਸਮੀਨ ਕੌਰ ਜੱਸੀ ਕੈਨੇਡਾ 🌹 ਅਮਨਿੰਦਰ ਕੌਰ ਬਰਾੜ ਕੈਨੇਡਾ 🌹 ਹਰਜਿੰਦਰ ਕੌਰ ਵਿਰਕ 🌹 ਹਰਮੰਦਰ ਸਿੰਘ ਵਿਰਕ 📞+919463215026