#🤘 My Status ਪੰਜਾਬੀ ਗੀਤ ਮੇਰੀ ਜਿੰਦ ਜਾਨ ਹਨ ਖਾਸਕਰ ਪੁਰਣੇ ਗੀਤ, ਗੀਤ ਸੁਣ ਸੁਣ ਕੇ ਜੁਆਨ ਹੋਇਆ, ਗੀਤ ਮਾਣੇਂ ਵੀ ਤੇ ਆਪਣੀ ਰੂਹ ਨਾਲ ਹੰਢਾਏ ਵੀ। ਉਹਨਾਂ ਗੀਤਾਂ ਵਿੱਚ ਪੰਜਾਬ ਦੀ ਵਿਰਾਸਤ ਐ। ਉਹ ਗੀਤ ਮੈਨੂੰ ਮੇਰੇ ਪਿਓ ਦਾਦੇ ਦੇ ਹਾਣੀ ਜਾਪਦੇ ਨੇ। ਉਹਨਾਂ ਗੀਤਾਂ ਵਿੱਚ ਮੈਨੂੰ ਆਪਣੇ ਦਾਦੇ ਦਾ ਪੰਜਾਬ ਨਜ਼ਰ ਆਉਂਦੈ ਤੇ ਆਪਣੇ ਆਪ ਤੇ ਲਾਹਨਤਾਂ ਵੀ ਪਾਉਣਾਂ ਕਿ ਮੈਂ ਉਸ ਪੰਜਾਬ ਨੂੰ ਸੰਭਾਲਣ ਲਈ ਕੁੱਝ ਵੀ ਨਹੀਂ ਕਰ ਸਕਿਆ।
#_#_#_#_#_#_#_#_#_#_#
ਅੱਜ ਤੁਹਾਡੇ ਨਾਲ ਪੰਜਾਬ ਦੇ ਸਿਰਮੌਰ ਗੀਤਕਾਰ #ਬਾਬੂ_ਸਿੰਘ_ਮਾਨ ਦਾ ਲਿਖਿਆ ਤੇ ਆਪਣੇ ਵੇਲੇ ਦੇ ਵੱਡੇ ਗਾਇਕ #ਕਰਮਜੀਤ_ਸਿੰਘ_ਧੂਰੀ ਦੇ ਗਾਏ ਗੀਤ ਦੀਆਂ ਕੁੱਝ ਗੁੱਝੀਆਂ ਰਮਜ਼ਾਂ ਟੋਲਣ ਦੀ ਕੋਸ਼ਿਸ਼ ਕਰਦਾ ਹਾਂ
ਕੱਸੀ ਤੇ ਵਜਾਵੇ ਵੰਝਲੀ, ਮੁੰਡਾ ਔਸਰਾਂ ਝੋਟੀਆਂ ਚਾਰੇ
ਮਿੱਤਰਾਂ ਦੀ ਪੱਗ ਰੰਗ ਦੇ ਲੀੜੇ ਧੋਂਦੀਏ ਪਤਲੀਏ ਨਾਰੇ
#ਕੱਸੀ- ਵੱਡਾ ਖਾਲ ਜਾਂ ਸੂਆ, ਖੇਤਾਂ ਤੱਕ ਪਾਣੀ ਪਚਾਉਣ ਵਾਸਤੇ ਕਾਲਾ
#ਵੰਝਲੀ- ਬਾਂਸ ਦੀ ਪੋਰੀ ਜਿਸਦੇ ਉੱਪਰ ਸੁਰਾਖ ਤੇ ਸਿਰੇ ਤੇ ਜੀਭੀ ਲੱਗੀ ਹੁੰਦੀ ਐ। ਜੀਭੀ ਵਾਲੇ ਪਾਸਿਓਂ ਮੂੰਹ ਨਾਲ ਫੂਕ ਮਾਰੀ ਜਾਂਦੀ ਐ। ਉਂਗਲਾਂ ਦੇ ਪੋਟਿਆਂ ਨਾਲ਼ ਉੱਪਰਲੇ ਸੁਰਾਖਾਂ ਰਾਹੀਂ ਸੁਰਾਂ ਨਿਕਲਦੀਆਂ ਹਨ। ਬਾਂਸਰੀ ਅਲਗੋਜ਼ੇ ਵੀ ਵੰਝਲੀ ਦੀ ਹੀ ਕਿਸਮ ਹਨ ਬੀਨ ਸਮੇਤ ਇਹ ਫੂਕ ਮਾਰਨ ਵਾਲੇ ਸਾਜ਼ ਹਨ
#ਔਸਰ_ਝੋਟੀ- ਨਵੀਂ ਜੁਆਨ ਹੋਈ ਅਣਸੂਈ ਮੱਝ
#ਲੀੜੇ- ਕੱਪੜੇ
ਓਸ ਸਮੇਂ ਦੀ ਗੱਲ ਐ ਜਦੋਂ ਔਰਤਾਂ ਸੂਏ ਦੀ ਪਟੜੀ ਤੇ ਬਹਿਕੇ ਕੱਪੜੇ ਧੋਂਦੀਆਂ ਹੁੰਦੀਆਂ ਸਨ। ਇਕ ਗੱਭਰੂ ਕਿਸੇ ਮੁਟਿਆਰ ਦੇ ਹੁਸਨ ਤੋਂ ਮੋਹਿਤ ਹੋਕੇ ਅਸਿੱਧੇ ਰੂਪ ਵਿੱਚ ਪਿਆਰ ਦਾ ਪ੍ਰਗਟਾਵਾ ਕਰਦਾ ਹੈ ਉਸ ਮੁਟਿਆਰ ਨੂੰ ਇਹ ਆਖਕੇ ਕਿ ਮੇਰੀ ਪੱਗ ਰੰਗ ਦੇ
ਝਾਕਾ ਲੈਣਾ ਪਟੜੀ ਦਾ ਨਾਲੇ ਕਰਨੀ ਮੱਕੀ ਦੀ ਰਾਖੀ
ਲੰਘਦੇ ਰਾਹੀਆਂ ਨੂੰ ਗੱਲ ਚੁੱਭਵੀਂ ਕਦੇ ਨਾ ਆਖੀ
ਮੇਲਿਆਂ 'ਚ ਹੂਲ ਜੱਟ ਦੀ, ਨਾਲ ਉਂਗਲਾਂ ਦੇ ਹੋਣ ਇਸ਼ਾਰੇ
ਕੱਸੀ ਤੇ ਵਜਾਵੇ ਵੰਝਲੀ......
#ਝਾਕਾ- ਸੰਗ ਸ਼ਰਮ ਮਰਿਆਦਾ ਵਿੱਚ ਰਹਿਕੇ ਚੋਰੀ-ਚੋਰੀ ਤੱਕਣਾ
#ਪਟੜੀ- ਸੂਏ ਦੇ ਕਿਨਾਰੇ ਤੇ ਬਣਿਆ ਰਾਹ
#ਚੁੱਭਵੀਂ_ਗੱਲ ਮੇਹਣਾ ਟਕੋਰ ਚਾਹਣਾ ਜਾਂ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ
#ਹੂਲ- ਮਸ਼ਹੂਰੀ ਪ੍ਰਸਿੱਧੀ
ਭਾਵ ਕੱਪੜੇ ਧੌਂਦੀ ਮੁਟਿਆਰ ਦਾ ਦੀਦਾਰ ਵੀ ਕਰਨਾ ਐ। ਮੱਕੀ ਦੀ ਫਸਲ ਦੀ ਰਾਖੀ ਵੀ ਕਰਨੀ ਐ। ਗੱਭਰੂ ਦੀ ਮੇਲੇ ਵਿੱਚ ਪੂਰੀ ਚੜ੍ਹਾਈ ਹੁੰਦੀ ਐ। ਮੁਟਿਆਰਾਂ ਉਸਨੂੰ ਤੱਕ ਕੇ ਉਂਗਲਾਂ ਨਾਲ ਇਸ਼ਾਰੇ ਕਰਦੀਆਂ ਹਨ
ਵੰਝਲੀ ਦੀ ਹੂਕ ਸੁਣਕੇ ਪਾਣੀ ਰੁੱਕ ਗਏ ਕੱਸੀ ਦੇ ਵਹਿੰਦੇ
ਸੱਦ ਲਾਵਾਂ ਦਿਲ ਵਿੰਨ੍ਹਵੀਂ, ਹੌਲ ਅੱਲੜ੍ਹਾਂ ਦੇ ਕਾਲਜੇ ਪੈਂਦੇ
ਵੰਝਲੀ ਦੇ ਬੋਲਾਂ ਦੀ ਗੱਲ ਘੁੰਮ ਗਈ ਤ੍ਰਿੰਝਣੀਂ ਸਾਰੇ
ਕੱਸੀ ਤੇ ਵਜਾਵੇ ਵੰਝਲੀ....
#ਹੂਕ- ਵਿਯੋਗ ਦੀ ਧੁਨ
#ਸੱਦ- ਪੰਜਾਬੀ ਲੋਕ-ਕਾਵਿ ਦੀ ਇਕ ਵਿੱਧਾ ਜਿਸ ਰਾਹੀਂ ਆਪਣੇ ਨੂੰ ਪੁਕਾਰਿਆ ਜਾਂਦਾ ਹੈ
#ਦਿਲ_ਵਿਨ੍ਹਵੀਂ - ਦਿਲ ਨੂੰ ਛੋਹਣ ਵਾਲੀ
#ਹੌਲ- ਦਿਲ ਦੀ ਧੜਕਣ ਦਾ ਤੇਜ ਹੋ ਜਾਣਾਂ
#ਅੱਲ੍ਹੜਾਂ- ਨਵੀਂ ਉਮਰ ਦੀਆਂ ਜੁਆਨ ਹੋਈਆਂ ਕੁੜੀਆਂ
#ਤ੍ਰਿੰਝਣ - ਉਹ ਥਾਂ ਜਿੱਥੇ ਕੁੜੀਆਂ ਕੱਠੀਆਂ ਬਹਿਕੇ ਕੱਤਦੀਆਂ ਕੱਢਦੀਆਂ ਹਨ
ਗੱਭਰੂ ਮੁਟਿਆਰ ਨੂੰ ਸੰਬੋਧਨ ਹੋਕੇ ਆਖਦਾ ਹੈ ਕਿ ਤੇਰੇ ਪਿਆਰ ਦੇ ਵਿਯੋਗ ਵਿੱਚ ਜਦੋਂ ਮੈਂ ਉਦਾਸ ਧੁਨ ਛੇੜਦਾ ਹਾਂ ਤਾਂ ਕੱਸੀ ਦਾ ਪਾਣੀ ਵੀ ਰੁਕ ਜਾਂਦਾ ਹੈ। ਜਦੋਂ ਮੈਂ ਆਪਣੇ ਬੋਲਾਂ ਰਾਹੀਂ ਤੈਨੂੰ ਸੱਦ ਲਾਉਂਦਾ ਹਾਂ ਤਾਂ ਕੁੜੀਆਂ ਦੇ ਦਿਲ ਦੀ ਧੜਕਣ ਤੇਜ ਹੋ ਜਾਂਦੀ ਹੈ
ਗੀਤਕਾਰ ਨੇ ਗੀਤ ਦੀ ਖੂਬਸੂਰਤੀ ਲਈ ਵੰਝਲੀ ਦੀ ਹੂਕ ਸੁਣਕੇ ਪਾਣੀ ਰੁੱਕ ਗਏ ਕੱਸੀ ਦੇ ਵਹਿੰਦੇ #ਅਤਿਕਥਨੀ_ਅਲੰਕਾਰ ਵਰਤੋਂ ਕੀਤੀ ਹੈ
ਨਹਿਰ 'ਚ ਨੁਹਾਵਾਂ ਮੱਝੀਆਂ, ਸਾਡੇ ਜੁੱਟ ਕੱਸੀਆਂ ਦੇ ਬਾਬੂ
ਆਖੇਂ ਤਾਂ ਲਿਆ ਦਿਆਂ ਭੁੰਨਕੇ ਦਾਣੇ ਹੈ ਗਏ ਮੱਕੀ ਦੇ ਚਾਬੂ
ਮੇਮਾਂ ਤੱਕ ਜਾਣ ਛੱਲੀਆਂ, ਸਾਡੀ ਗੱਲ ਚੜ੍ਹ ਗਈ ਸਰਕਾਰੇ
ਕੱਸੀ ਤੇ ਵਜਾਵੇ ਵੰਝਲੀ.....
#ਜੁੱਟ - ਆੜੀ ਯਾਰ ਦੈਸਤ ਬੇਲੀ ਮਿੱਤਰ
#ਕੱਸੀ_ਦਾ_ਬਾਬੂ ਨਹਿਰੀ ਮਹਿਕਮੇ ਦਾ ਓਵਰਸੀਅਰ
#ਚਾਬੂ- ਖਾਣ ਯੋਗ
ਗੱਭਰੂ ਆਪਣੀ ਪਹਿਚਾਣ ਤੇ ਆਪਣੇ ਰੁਤਬੇ ਨੂੰ ਦਰਸਾ ਰਿਹਾ ਹੈ ਕਿ ਨਹਿਰੀ ਮਹਿਕਮੇ ਦੇ ਬਾਬੂ ਤਾਂ ਮੇਰੇ ਮਿੱਤਰ ਹਨ ਇਸ ਕਰਕੇ ਮੈਂ ਤਾਂ ਮੱਝਾਂ ਵੀ ਨਹਿਰ ਦੇ ਵਿੱਚ ਹੀ ਨੁਹਾ ਲੈਣਾਂ ਹਾਂ ਮੁਟਿਆਰ ਨੂੰ ਪੁੱਛਦਾ ਐ ਕਿ ਮੇਰੀ ਮੱਕੀ ਤਿਆਰ ਐ ਜੇ ਕਹੇਂ ਛੱਲੀਆਂ ਭੁੰਨ ਕੇ ਲਿਆ ਦਿਆਂ। ਮੇਰੀ ਸਰਕਾਰੇ ਦਰਬਾਰੇ ਪੂਰੀ ਗੱਲਬਾਤ ਐ, ਮੇਮਾਂ ਤੱਕ ਮੇਰੀਆਂ ਮਿੱਠੀਆਂ ਛੱਲੀਆਂ ਜਾਂਦੀਆਂ ਹਨ
ਰੰਗ ਮੈਂ ਲਿਆਉਣਾਂ ਹੱਟੀ ਤੋਂ ਮੰਗੂ ਮਾਨ ਦਾ ਚਰ੍ਹੀ ਚੋਂਂ ਮੋੜੀਂ
ਕੱਚੀਏ ਕੁਆਰ ਗੰਦਲੇ ਪੁੱਛੇ ਬਾਝ ਨਾਂ ਕਰੇਲੇ ਤੋੜੀਂ
ਮਿੱਠੀਆਂ ਝਿੜਕਾਂ ਦਾ ਗੁੱਸਾ ਕਰ ਨਾ ਲਈਂ ਮੁਟਿਆਰੇ
ਕੱਸੀ ਤੇ ਵਜਾਵੇ ਵੰਝਲੀ...
#ਹੱਟੀ ਦੁਕਾਨ
#ਮੰਗੂ ਪਸ਼ੂਆਂ ਦਾ ਝੁੰਡ
#ਚਰ੍ਹੀ ਪਸ਼ੂਆਂ ਦੇ ਚਾਰੇ ਦੀ ਫ਼ਸਲ
#ਕੱਚੀ_ਕੁਆਰ_ਗੰਦਲ ਇੱਥੇ ਗੀਤਕਾਰ ਦਾ ਭਾਵ ਗੰਦਲ ਵਰਗੀ ਕੁਆਰੀ ਸੋਹਲ ਕੁੜੀ ਤੋਂ ਐ
ਆਖਰ ਗੱਭਰੂ ਕਹਿ ਰਿਹਾ ਮੈਂ ਪੱਗ ਰੰਗਣ ਵਾਸਤੇ ਹੱਟੀ ਤੋਂ ਰੰਗ ਲਿਆਕੇ ਦਿੰਦਾ ਹਾਂ, ਓਨਾ ਚਿਰ ਮੇਰੇ ਪਸ਼ੂਆਂ ਦੀ ਰਾਖੀ ਕਰੀਂ,ਇਹ ਨਾ ਹੋਵੇ ਪਸ਼ੂ ਚਰ੍ਹੀ ਵਿਚ ਵੜ੍ਹ ਜਾਣ ਤੇ ਫਸਲ ਖਰਾਬ ਕਰ ਦੇਣ। ਮੇਰੇ ਪੁੱਛੇ ਬਿਨਾਂ ਖੇਤ ਚੋਂ ਕਰੇਲੇ ਨਾ ਤੋੜੀਂ । ਨਾਲ ਦੀ ਨਾਲ ਕੋਮਲ ਦਿਲ ਗੱਭਰੂ ਮੁਟਿਆਰ ਨੂੰ ਪਰਚਾਉਂਦਾ ਐ ਕਿ ਕਿਤੇ ਮਿੱਠੀ ਜੀ ਝਿੜਕ ਦਾ ਗੁੱਸਾ ਹੀ ਨਾ ਕਰ ਜਾਵੀਂ ।
ਇਹ ਵੀ ਦੱਸਣਾ ਬਣਦਾ ਐ ਕਿ ਉਸ ਵੇਲੇ ਚਿੱਟੇ ਮਲਮਲ ਦੇ ਕੱਪੜੇ ਦੀ ਪੱਗ ਨੂੰ ਕੱਚੇ ਰੰਗਾਂ ਨਾਲ ਰੰਗਿਆ ਜਾਂਦਾ ਸੀ। ਰੰਗ ਦੀ ਚੋਣ ਅਵਸਰ ਜਾਂ ਸ਼ੁਕੀਨੀ ਮੁਤਾਬਿਕ ਹੁੰਦੀ ਸੀ
#ਅਸ਼ੋਕ_ਬਾਂਸਲ_ਮਾਨਸਾ