ਬਾਪੂ ਦੀ ਐਨਕ ਦਾ ਟੁੱਟਾ ਸ਼ੀਸ਼ਾ ਪੁੱਤ ਪਵਾ ਨਾ ਸਕਿਆ।
ਘੋਰ ਗ਼ਰੀਬੀ ਦੇ ਕਾਰਨ ਉਹ ਬਣਦਾ ਫ਼ਰਜ਼ ਨਿਭਾ ਨਾ ਸਕਿਆ।
ਹਾੜ੍ਹੀ ਸਾਉਣੀ ਬੀਜੀ ਵੱਢੀ ਵੇਚੀ ਮੰਡੀ ਵਿਚ ਕਈ ਵਾਰੀ,
ਪਰ ਇਕ ਵਾਰ ਲਿਆ ਜੋ ਕਰਜ਼ਾ ਮੁੜ ਕੇ ਜੱਟ ਚੁਕਾ ਨਾ ਸਕਿਆ।
ਪਗੜੀ,ਡੱਬਾ ਪੰਜ ਹਜ਼ਾਰ ਕੁ ਭੇਟਾ ਲੈ ਉਸਤਾਦ ਲਿਆ ਸੀ,
ਐਪਰ ਉਹ ਚੇਲੇ ਨੂੰ ਸ਼ਾਇਰ ਹਾਲੇ ਤੀਕ ਬਣਾ ਨਾ ਸਕਿਆ।
ਕੁਝ ਤਸਵੀਰਾਂ ਕਰੀਆਂ ਯਾਰਾਂ ਲਾ ਕੇ ਇਕ ਦਿਨ ਚਾਰ ਕੁ ਬੂਟੇ,
ਉਸ ਦਿਨ ਪਿੱਛੋਂ ਫੇਰ ਉਨ੍ਹਾਂ ਨੂੰ ਪਾਣੀ ਕੋਈ ਪਾ ਨਾ ਸਕਿਆ।
ਸਿਰ ਦਾ ਸਾਈਂ ਮਰਨੈ ਪਿੱਛੋਂ ਬਹੁਤ ਘਰਾਂ ਦੇ ਕੰਮ ਕਰੇ ਉਸ,
ਆਈ ਤੰਗੀ ਕਾਰਨ ਉਸ ਦਾ ਪੁੱਤ ਸਕੂਲੇ ਜਾ ਨਾ ਸਕਿਆ।
ਰੱਬਾ ਹਰ ਦਿਨ ਵੇਖਾਂ ਵਿਹਲੜ ਤੇਰੇ ਨਾਂ ਦੇ ਉੱਤੇ ਖਾਂਦੇ,
ਮਿਹਨਤ ਬਾਝ ਕਦੇ ਵੀ ਕਿਰਤੀ ਰੋਟੀ ਮੂੰਹ ਵਿਚ ਪਾ ਨਾ ਸਕਿਆ।
'ਜੌੜਾ' ਆਖੇ ਸ਼ੱਕ ਰਤਾ ਨਾ ਸੱਜਣ ਤੂੰ ਉਸਤਾਦ ਹੁਨਰ ਵਿਚ,
ਕੀ ਫਾਇਦਾ ਜੇਕਰ ਤੂੰ ਕਿਧਰੇ ਖ਼ੁਦ ਤੋਂ ਦੀਪ ਜਗਾ ਨਾ ਸਕਿਆ #🤘 My Status #🌼ਮੋਟੀਵੇਸ਼ਨ #💭 ਮੇਰੇ ਵਿਚਾਰ #😔ਅਧੂਰੇ ਚਾਅ #📱 Awesome ਸਟੇਟਸ
