✍️ ਸ਼ਬਦ ਪਾਲੀ ਭੁਪਿੰਦਰ ਜੀ #✍️ਵਿਅੰਗਕਾਰ : ਅੱਜ ਦਾ ਵਿਅੰਗ
ਕੁਝ ਨੌਜਵਾਨ ਦੇਸ਼ ਲਈ ਲੜੇ। ਫਾਂਸੀਆਂ ਚੜ੍ਹੇ ਤੇ ਨਾਇਕ ਹੋ ਗਏ। ਕੁਝ ਨਕਸਲੀਈਟ ਹੋ ਗਏ। ਜੇਲ੍ਹਾਂ ਵਿੱਚ ਹੀ ਖਪ ਗਏ। ਕੁਝ ਵੀ ਨਾ ਬਦਲ ਸਕੇ ਪਰ ਉਨ੍ਹਾਂ ਕੋਲ ਲੜਾਈ ਦਾ ਇੱਕ ਮੰਤਵ ਸੀ। ਕੁਝ ਧਰਮ ਦੇ ਰਾਹਾਂ ਤੇ ਤੁਰੇ। ਖਾੜਕੂ ਅਖਵਾਏ। ਚੰਗਾ ਕਹੋ ਜਾਂ ਮਾੜਾ। ਉਨ੍ਹਾਂ ਦਾ ਵੀ ਇੱਕ ਮਿਸ਼ਨ ਸੀ, ਜਿਸ ਲਈ ਉਹ ਜਾਨਾਂ ਵਾਰ ਗਏ।
ਹੁਣ ਕੋਈ ਨੌਜਵਾਨ ਨਾ ਦੇਸ਼ ਲਈ ਲੜਦਾ ਹੈ, ਨਾ ਕ੍ਰਾਂਤੀ ਲਈ, ਨਾ ਧਰਮ ਲਈ। ਆਫਰ ਵਿੱਚ ਡੇਢ ਜੀਬੀ ਡੈਟਾ ਲੈਂਦਾ ਹੈ ਤੇ ਆਪਣੀਆਂ ਪਿਕਸ-ਵੀਡੀਓਜ ਇੰਸਟਾ-ਟਿਕ ਟੌਕ ਤੇ ਪਾ ਕੇ ਲਾਈਕਸ ਗਿਣਦਾ ਹੈ। ਇਹੀ ਉਸਦਾ ਮਿਸ਼ਨ ਹੈ।
ਰਾਜਨੀਤੀ ਖੁਸ਼ ਹੈ ਕਿ ਅੱਜ ਦੇ ਨੌਜਵਾਨ ਦੀ ਧੌਣ ਝੁਕੀ ਹੋਈ ਹੈ। ਮੋਬਾਇਲ ‘ਤੇ। ਸ਼ਾਇਦ ਇਸੇ ਕਰਕੇ ਉਹ ਉਸਨੂੰ ਮੋਬਾਇਲ ਅਤੇ ਹੋਰ ਡੈਟਾ ਫ੍ਰੀ ਦੇਣ ਬਾਰੇ ਸੋਚ ਰਹੀ ਹੈ। ਨੌਜਵਾਨ ਵੀ ਇਸ ਕਰਕੇ ਖੁਸ਼ ਹਨ ਤੇ ਇਹੋ ਜਿਹੀ ਸਰਕਾਰ ਨੂੰ ਇੱਕ ਹੋਰ ਟਰਮ ਦੇਣ ਬਾਰੇ ਸੋਚ ਰਹੇ ਹਨ।
ਉਧਰ ਮੁੰਬਈ ਦੇ ਪ੍ਰੋਡਿਊਸਰ ਹੈਰਾਨ ਹਨ, ਕੀ ਸਿਵਾਏ ਗੈਂਗਸਟਰਾਂ ਦੇ ਪੰਜਾਬੀਆਂ ਕੋਲ ਅਜਿਹੀ ਕੋਈ ਸ਼ਖ਼ਸੀਅਤ ਨਹੀਂ ਬਚੀ, ਜਿਸ ਉੱਤੇ ਬਾਇਓਪਿਕ ਬਣ ਸਕੇ! ਭਗਤ ਸਿੰਘ, ਮਿਲਖਾ ਸਿੰਘ ਤੇ ਬੱਸ...! ਕੀ ਪੰਜਾਬੀ ਫਿਲਮਾਂ ਸਿਰਫ ਭੰਡ ਹੀਰੋਆਂ ਬਾਰੇ ਬਣਨਗੀਆਂ?
ਮੈਨੂੰ ਅੱਜ ਦੇ ਨੌਜਵਾਨਾਂ ਨਾਲ ਕੋਈ ਗਿਲਾ ਨਹੀਂ। ਕਸੂਰ ਮੇਰੀ ਪੀੜ੍ਹੀ ਦਾ ਹੈ। ਜਿਸਨੇ ਦੇਸ਼ ਲਈ ਨੀਚ ਹਾਕਮ ਚੁਣੇ। ਕ੍ਰਾਂਤੀ ਅਤੇ ਧਰਮ ਦੇ ਨਾਂ ‘ਤੇ ਰਾਜਨੀਤੀ ਸਹਿਣ ਕੀਤੀ। ਕਦੇ ਅਕਲ ਨਾਲ ਵੋਟ ਨਹੀਂ ਪਾਈ। ਵੋਟ ਪਾਈ ਨਹੀਂ, ਸੁੱਟੀ।
ਜਿਨ੍ਹਾਂ ਨੂੰ ਵਿਰਸੇ ਵਿੱਚ ਲਾਚਾਰੀ, ਨਾਲਾਇਕੀ ਤੇ ਸ਼ਰਮ ਮਿਲੀ ਹੋਵੇ, ਉਹ ਨੌਜਵਾਨ ਸਿਰ ਚੁੱਕ ਕੇ ਜਿਉਣਗੇ ਵੀ ਕਿਵੇਂ!