ਜਿਹੜੇ ਦੁਨਿਆਵੀ ਰਿਸ਼ਤੇ ਹੰਝੂ ਪੂੰਝਣ ਦੀ ਥਾਂ ਹੰਝੂ ਦੇਣ ਲੱਗ ਜਾਣ, ਉੱਥੇ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਰਿਸ਼ਤੇ ਆਪਣੀ ਉਮਰ ਪੂਰੀ ਕਰ ਚੁੱਕੇ ਹਨ। ਕਿਉਂਕਿ ਅਸਲ ਰਿਸ਼ਤੇ ਕਿਸੇ ਨੂੰ ਟੁੱਟਣ ਨਹੀਂ ਦਿੰਦੇ, ਉਹ ਤਾਂ ਆਪਣੇ ਹਰ ਥੱਕੇ ਹੋਏ ਮਨ ਨੂੰ ਸਹਾਰਾ ਦਿੰਦੇ ਹਨ। ਜਿੱਥੇ ਆਪਣਾਪਣ ਮਰ ਜਾਵੇ, ਜਿੱਥੇ ਗੱਲਾਂ ਵਿੱਚ ਤਾਹਨੇ ਅਤੇ ਖ਼ਾਮੋਸ਼ੀਆਂ ਵਿੱਚ ਨਫ਼ਰਤ ਵੱਸਣ ਲੱਗ ਪਏ, ਉੱਥੇ ਸਿਰਫ਼ ਰਿਸ਼ਤਿਆਂ ਦੇ ਨਾਮ ਬਚਦੇ ਹਨ, ਰੂਹ ਨਹੀਂ ਹੁੰਦੀ।
ਬੰਦਿਆ… ਕਿੰਨੀ ਤਰੱਕੀ ਕਰ ਗਿਆ ਤੂੰ! ਚੰਨ ਤੱਕ ਪਹੁੰਚ ਗਿਆ, ਮਸ਼ੀਨਾਂ ਨੂੰ ਸੋਚਣਾ ਸਿਖਾ ਦਿੱਤਾ, ਸਮੁੰਦਰਾਂ ਦੀਆਂ ਗਹਿਰਾਈਆਂ ਤੈ ਮਾਪ ਲਈਆਂ, ਪਰ ਅਫ਼ਸੋਸ, ਤੂੰ ਆਪਣੇ ਅੰਦਰਲੇ ਇਨਸਾਨ ਨੂੰ ਹੀ ਗੁਆ ਬੈਠਿਆ ਹੈ। ਹੁਣ ਧਰਤੀ ‘ਤੇ ਸਭ ਤੋਂ ਖ਼ਤਰਨਾਕ ਜੀਵ ਕੋਈ ਜੰਗਲੀ ਜਾਨਵਰ ਨਹੀਂ, ਸਗੋਂ ਉਹ ਮਨੁੱਖ ਹੈ ਜੋ ਚਿਹਰੇ ‘ਤੇ ਮਾਸੂਮੀਅਤ ਅਤੇ ਦਿਲ ਵਿੱਚ ਜ਼ਹਿਰ ਰੱਖਦਾ ਹੈ। ਹੁਣ ਡਰ ਸੱਪਾਂ ਤੋਂ ਨਹੀਂ ਲੱਗਦਾ, ਡਰ ਉਹਨਾਂ ਲੋਕਾਂ ਤੋਂ ਲੱਗਦਾ ਹੈ ਜੋ ਮੁਸਕਰਾ ਕੇ ਦਿਲਾਂ ਵਿੱਚ ਖ਼ੰਜਰ ਉਤਾਰਦੇ ਨੇ!
ਪਹਿਲਾਂ ਮੈਂ ਸਮਝਦਾ ਸੀ ਕਿ ਦੋਗਲੇ ਕਿਰਦਾਰ ਸਿਰਫ਼ ਉਹਨਾਂ ਦੇ ਹੁੰਦੇ ਹਨ ਜੋ ਕਹਿੰਦੇ ਕੁਝ ਹੋਰ ਅਤੇ ਕਰਦੇ ਕੁਝ ਹੋਰ ਹਨ। ਪਰ ਸਮੇਂ ਨਾਲ ਸਮਝ ਆਇਆ ਕਿ ਬੰਦੇ ਤਾਂ ਰਿਸ਼ਤਿਆਂ ਨੂੰ ਵੀ ਇੱਕ ਖੇਡ ਸਮਝਦੇ ਹਨ। ਯਾਰੀ ਦਾ ਮਖੌਟਾ ਪਾ ਕੇ ਇਨਸਾਨ ਦੇ ਭਰੋਸੇ ਨਾਲ ਖੇਡਦੇ ਹਨ। ਸਾਹਮਣੇ ਹਮਦਰਦੀ, ਪਿੱਠ ਪਿੱਛੇ ਕਮਜ਼ੋਰੀਆਂ ਦਾ ਮਜ਼ਾਕ ਬਣਾਉਂਦੇ ਨੇ। ਕਿੰਨਾ ਅਜੀਬ ਸਮਾਂ ਆ ਗਿਆ ਹੁਣ ਲੋਕ ਕਿਸੇ ਦੇ ਜ਼ਖ਼ਮਾਂ ‘ਤੇ ਮਲ੍ਹਮ ਨਹੀਂ ਲਗਾਉਂਦੇ, ਸਗੋਂ ਜ਼ਖ਼ਮਾਂ ਨੂੰ ਆਪਣਾ ਹਥਿਆਰ ਬਣਾ ਲੈਂਦੇ ਨੇ!
ਕਦੇ ਸੱਜਣ ਦਾ ਕੀਤਾ ਹਲਕਾ ਜਿਹਾ ਵਾਅਦਾ ਵੀ ਪੱਥਰ ‘ਤੇ ਲੀਕ ਹੋਇਆ ਕਰਦਾ ਸੀ। ਮਨੁੱਖ ਦੀ ਜ਼ੁਬਾਨ ਵਿੱਚ ਵਜ਼ਨ ਹੁੰਦਾ ਸੀ, ਨੀਅਤਾਂ ਪਵਿੱਤਰ ਹੁੰਦੀਆਂ ਸਨ। ਰਿਸ਼ਤੇ ਲਾਭ ਦੇ ਅਧਾਰ ‘ਤੇ ਨਹੀਂ, ਸਗੋਂ ਅਹਿਸਾਸਾਂ ਸਦਕੇ ਨਿਭਾਏ ਜਾਂਦੇ ਸਨ। ਹੁਣ ਤਾਂ ਮਨੁੱਖ ਦੀ ਬਾਹਰਲੀ ਚੰਗਿਆਈ ਤੋਂ ਜ਼ਿਆਦਾ ਡਰ ਲੱਗਦਾ ਹੈ। ਕਿਉਂਕਿ ਬਹੁਤ ਸਾਰੇ ਚਿਹਰੇ ਸਿਰਫ਼ ਕਿਰਦਾਰ ਨਿਭਾ ਰਹੇ ਹਨ, ਇਨਸਾਨੀਅਤ ਨਹੀਂ।
ਬੇਹੱਦ ਦੁੱਖ ਹੁੰਦਾ ਹੈ, ਜਦੋਂ ਬੰਦਾ ਹੀ ਬੰਦਿਆਂ ਨਾਲ ਬੰਦਿਆਂ ਵਾਲਾ ਵਿਵਹਾਰ ਨਹੀਂ ਕਰਦਾ। ਹਰ ਕੋਈ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿੱਚ ਹੈ। ਕਿਸੇ ਨੂੰ ਡਿੱਗਦਾ ਵੇਖ ਕੇ ਹੱਥ ਫੜਨ ਦੀ ਥਾਂ ਲੋਕ ਉਸ ਦਾ ਤਮਾਸ਼ਾ ਬਣਾਉਣਾ ਜ਼ਿਆਦਾ ਬਿਹਤਰ ਸਮਝਦੇ ਹਨ। ਪਰ ਫਿਰ ਵੀ ਜੀਵਨ ਕਦੇ ਰੁਕਦਾ ਨਹੀਂ। ਜਿਉਣਾ ਤਾਂ ਪੈਂਦਾ ਹੀ ਹੈ। ਟੁੱਟ ਕੇ ਵੀ ਮੁਸਕੁਰਾਉਣਾ ਪੈਂਦਾ ਹੈ ਤੇ ਰੋ ਕੇ ਵੀ ਤੁਰਨਾ ਪੈਂਦਾ ਹੈ।
ਸਮਾਂ ਹਮੇਸ਼ਾ ਸਿਖਾਉਂਦਾ ਹੈ ਕਿ ਜਿਹੜੇ ਲੋਕ ਝੁਕਣਾ ਜਾਣਦੇ ਹਨ, ਆਪਣੀ ਗ਼ਲਤੀ ਸਵੀਕਾਰ ਕਰਨਾ ਜਾਣਦੇ ਹਨ, ਉਹ ਕਦੇ ਪੂਰੀ ਤਰ੍ਹਾਂ ਹਾਰਦੇ ਨਹੀਂ। ਨਿਮਰਤਾ ਕਮਜ਼ੋਰੀ ਨਹੀਂ ਹੁੰਦੀ, ਇਹ ਤਾਂ ਮਨੁੱਖ ਦੇ ਕਿਰਦਾਰ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਤੂਫ਼ਾਨ ਲੱਖ ਕੋਸ਼ਿਸ਼ਾਂ ਕਰ ਲੈਣ, ਪਰ ਉਹ ਦਰੱਖ਼ਤ ਜੜ੍ਹਾਂ ਸਮੇਤ ਨਹੀਂ ਡਿੱਗਦੇ ਜਿਹੜੇ ਝੁਕਣਾ ਜਾਣਦੇ ਹਨ। ਹੰਕਾਰ ਵਾਲੇ ਮਨੁੱਖ ਭਾਵੇਂ ਬਹੁਤ ਉੱਚੇ ਦਿਖਾਈ ਦੇਣ, ਪਰ ਮੌਕਾ ਆਉਣ ਤੇ ਪਹਿਲੇ ਝੋਕੇ ਨਾਲ ਹੀ ਟੁੱਟ ਜਾਂਦੇ ਹਨ।
ਦੁਨੀਆ ਕਿੰਨੀ ਵੀ ਬੇਰਹਿਮ ਲੱਗੇ ਪਰ ਮਨੁੱਖਤਾ ਵਿੱਚੋਂ ਸਾਡਾ ਵਿਸ਼ਵਾਸ ਕਦੇ ਖ਼ਤਮ ਨਹੀਂ ਹੋਣਾ ਚਾਹੀਦਾ। ਇਹ ਸੱਚ ਹੈ ਕਿ ਹਰ ਕੋਈ ਚੰਗਾ ਨਹੀਂ ਹੁੰਦਾ, ਪਰ ਸਾਰਾ ਸੰਸਾਰ ਵੀ ਬੇਵਫ਼ਾ ਨਹੀਂ। ਕਈ ਵਾਰ ਨੇੜੇ ਖੜ੍ਹੇ ਲੋਕ ਹੀ ਲੱਤਾਂ ਖਿੱਚਦੇ ਹਨ ਤੇ ਦੂਰ ਬੈਠੇ ਅਣਜਾਣ ਲੋਕ ਸੱਚ ਦੇ ਹੱਕ ਵਿੱਚ ਡੱਟ ਜਾਂਦੇ ਹਨ। ਇਸ ਲਈ ਜ਼ਿੰਦਗੀ ਵਿੱਚ ਲੋਕਾਂ ਤੋਂ ਨਹੀਂ, ਸਗੋਂ ਆਪਣੀਆਂ ਉਮੀਦਾਂ ਤੋਂ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
ਕੁਦਰਤ ਨੇ ਸਾਨੂੰ ਸਭ ਨੂੰ ਅਜ਼ਾਦੀ ਦਿੱਤੀ ਹੈ, ਪਰ ਅਸੀਂ ਜਾਣੇ-ਅਣਜਾਣੇ ਆਪਣੇ ਹੀ ਬੁਣੇ ਜਾਲ ਵਿੱਚ ਫਸ ਜਾਂਦੇ ਹਾਂ। ਝੂਠ, ਦਿਖਾਵਾ, ਹੰਕਾਰ ਅਤੇ ਲਾਲਚ ਇਹ ਉਹ ਧਾਗੇ ਹਨ ਜਿਨ੍ਹਾਂ ਨਾਲ ਮਨੁੱਖ ਆਪਣੀ ਹੀ ਕੈਦ ਤਿਆਰ ਕਰ ਲੈਂਦਾ ਹੈ। ਫਿਰ ਇੱਕ ਦਿਨ ਉਸ ਨੂੰ ਆਪਣੇ ਹੀ ਬਣਾਏ ਹਨੇਰੇ ਤੋਂ ਡਰ ਲੱਗਣ ਲੱਗਦਾ ਹੈ। ਪਰ ਉਸ ਵੇਲੇ ਘਬਰਾਉਣ ਦੀ ਲੋੜ ਨਹੀਂ ਹੁੰਦੀ, ਸਿਰਫ਼ ਸੱਚ ਬੋਲਣ ਦੀ ਲੋੜ ਹੁੰਦੀ ਹੈ। ਕਿਉਂਕਿ ਸੱਚ ਭਾਵੇਂ ਚੁਭਦਾ ਹੈ, ਪਰ ਆਖ਼ਿਰਕਾਰ ਮਨੁੱਖ ਨੂੰ ਆਜ਼ਾਦ ਕਰ ਦਿੰਦਾ ਹੈ।
ਕੰਡਿਆਂ ਦਾ ਕੋਈ ਦੋਸ਼ ਨਹੀਂ ਹੁੰਦਾ, ਦੋਸ਼ ਤਾਂ ਸਾਡਾ ਬੇਫ਼ਿਕਰੀ ਨਾਲ ਤੁਰਨ ਵਾਲਿਆਂ ਦਾ ਹੁੰਦਾ ਹੈ। ਜ਼ਿੰਦਗੀ ਹਰ ਮੋੜ ‘ਤੇ ਸਬਕ ਦਿੰਦੀ ਹੈ। ਕਈ ਵਾਰ ਜਿਨ੍ਹਾਂ ਲੋਕਾਂ ਨੂੰ ਅਸੀਂ ਆਪਣਾ ਸਮਝਦੇ ਹਾਂ, ਉਹੀ ਸਾਨੂੰ ਸਭ ਤੋਂ ਵੱਧ ਤੋੜ ਜਾਂਦੇ ਹਨ। ਪਰ ਇਹ ਟੁੱਟਣਾ ਵੀ ਵਿਅਰਥ ਨਹੀਂ ਜਾਂਦਾ। ਇਹ ਮਨੁੱਖ ਨੂੰ ਆਪਣੇ ਆਪ ਨਾਲ ਮਿਲਾਉਂਦਾ ਹੈ।
ਸਾਡਾ ਸਭ ਤੋਂ ਵੱਡਾ ਔਗੁਣ ਆਪਣੇ ਔਗੁਣਾਂ ਤੋਂ ਜਾਣੂ ਨਾ ਹੋਣਾ ਹੁੰਦਾ ਹੈ। ਮਨੁੱਖ ਦੁਨੀਆ ਨੂੰ ਤਾਂ ਬੜੀ ਆਸਾਨੀ ਨਾਲ ਪਰਖ ਲੈਂਦਾ ਹੈ, ਪਰ ਆਪਣੇ ਆਪ ਨੂੰ ਸਮਝਣ ਤੋਂ ਡਰਦਾ ਹੈ। ਜਦੋਂ ਇਨਸਾਨ ਆਪਣੇ ਅੰਦਰ ਝਾਤ ਮਾਰਨੀ ਸ਼ੁਰੂ ਕਰ ਦਿੰਦਾ ਹੈ, ਉਦੋਂ ਸਾਡੀ ਅਸਲ ਸੰਸਾਰਿਕ ਯਾਤਰਾ ਸ਼ੁਰੂ ਹੁੰਦੀ ਹੈ।
ਕੁਝ ਨਹੀਂ ਹੋਇਆ, ਕੋਸ਼ਿਸ਼ ਕਰ ਕੇ ਆਪਾਂ ਆਪਣੇ ਕਿਰਦਾਰ ਨੂੰ ਇੰਨਾ ਖੂਬਸੂਰਤ ਬਣਾਈਏ ਕਿ ਸਾਨੂੰ ਡੇਗਣ ਵਾਲੇ ਵੀ ਇੱਕ ਦਿਨ ਸਾਡੀ ਮਿਸਾਲ ਦੇਣ। ਥੋੜਾ ਵਕਤ ਜ਼ਰੂਰ ਲੱਗੇਗਾ, ਲੋਕ ਨਫ਼ਰਤ ਵੀ ਕਰਨਗੇ, ਮਿਹਣੇ ਵੀ ਮਾਰਣਗੇ, ਸਾਨੂੰ ਤੋੜਨ ਦੀਆਂ ਕੋਸ਼ਿਸ਼ਾਂ ਵੀ ਕਰਨਗੇ। ਪਰ ਜਿਸ ਦਿਨ ਫੁੱਲ ਬਣ ਗਏ, ਉਸ ਦਿਨ ਕੰਡਿਆਂ ਵਰਗੇ ਲੋਕ ਤਰੀਫ਼ ਵੀ ਕਰਨਗੇ ਤੇ ਹਿਫ਼ਾਜ਼ਤ ਕਰਨ ਲਈ ਵੀ ਮਜ਼ਬੂਰ ਹੋਣਗੇ।
ਕਿਉਂਕਿ ਅਖ਼ੀਰ ਜਿੱਤ ਉਸ ਮਨੁੱਖ ਦੀ ਕਦੇ ਨਹੀਂ ਹੁੰਦੀ ਜੋ ਸਭ ਨੂੰ ਹਰਾ ਦੇਵੇ, ਕਾਮਯਾਬੀ ਤੇ ਖੁਸ਼ਹਾਲ ਜ਼ਿੰਦਗੀ ਉਸ ਦੀ ਹੁੰਦੀ ਹੈ ਜੋ ਦੁਨੀਆ ਦੀ ਨਫ਼ਰਤ ਦੇ ਬਾਵਜੂਦ ਵੀ ਆਪਣੇ ਅੰਦਰਲੀ ਇਨਸਾਨੀਅਤ ਨੂੰ ਮਰਨ ਨਾ ਦੇਵੇ।
✍🏻ਹਰਫੂਲ ਸਿੰਘ ਭੁੱਲਰ
🌹 ਹਰਮੰਦਰ ਸਿੰਘ ਵਿਰਕ
📞+919463215026
#🤘 My Status