ਜ਼ਿਲ੍ਹਾ ਅੰਬਾਲਾ ਤੋਂ ਲਾਲੜੂ ਨੇੜੇ ਸਰਸੀਣੀ ਕੋਲ ਸਥਿਤ ਇਕ ਹੋਟਲ ’ਚ ਜਨਮਦਿਨ ਮਨਾਉਣ ਤੋਂ ਬਾਅਦ ਹੋਈ ਮਾਮੂਲੀ ਬਹਿਸ ਦੌਰਾਨ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 27 ਸਾਲਾ ਅਮਨਦੀਪ ਸਿੰਘ ਵਾਸੀ ਪਿੰਡ ਡੇਹਰੀ ਨੇੜੇ ਪੰਜੋਖਰਾ ਜ਼ਿਲ੍ਹਾ ਅੰਬਾਲਾ ਵਜੋਂ ਹੋਈ ਹੈ। ਲਾਲੜੂ ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਨਾਮਜ਼ਦ ਕਰਦਿਆਂ ਉਨ੍ਹਾਂ ਦੇ ਅੱਧਾ ਦਰਜਨ ਅਣਪਛਾਤੇ ਸਾਥੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਦੋ ਕਾਰਾਂ ਵੀ ਜ਼ਬਤ ਕੀਤੀਆਂ ਹਨ। ਮਾਮਲੇ ਦੀ ਜਾਂਚ ਜਾਰੀ ਹੈ। ਜਾਣਕਾਰੀ ਮੁਤਾਬਕ ਇਹ ਵਾਰਦਾਤ ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਸਰਸੀਣੀ ਨੇੜੇ ਹੋਟਲ ’ਚ ਰਾਤ ਕਰੀਬ 10:30 ਵਜੇ ਵਾਪਰੀ।ਥਾਣਾ ਮੁਖੀ ਇੰਸਪੈਕਟਰ ਰਣਵੀਰ ਸੰਧੂ ਨੇ ਦੱਸਿਆ ਕਿ ਪਿੰਡ ਮੰਡੋਰ ਦੇ ਪ੍ਰੀਤ ਨਾਂ ਦੇ ਨੌਜਵਾਨ ਦਾ ਜਨਮਦਿਨ ਸੀ, ਜਿਸ ’ਚ ਇਕ ਦਰਜਨ ਦੋਸਤ ਹੋਟਲ ’ਚ ਜਸ਼ਨ ਮਨਾਉਣ ਪਹੁੰਚੇ ਸਨ। ਕੇਕ ਕੱਟਣ ਉਪਰੰਤ ਕੁੱਝ ਦੋਸਤਾਂ ’ਚ ਬਹਿਸ ਹੋ ਗਈ। ਅਮਨਦੀਪ ਇਸ ਝਗੜੇ ਨੂੰ ਰੋਕਣ ਲਈ ਵਿਚਕਾਰ ਪੈ ਗਿਆ ਅਤੇ ਇਸ ਦੌਰਾਨ ਅਮਨਦੀਪ ਦੀ ਛਾਤੀ ’ਚ ਚਾਕੂ ਮਾਰ ਦਿੱਤਾ ਗਿਆ। ਮ੍ਰਿਤਕ ਦੇ ਭਰਾ ਗਗਨਦੀਪ ਦੇ ਬਿਆਨ ਅਨੁਸਾਰ ਚਾਕੂ ਜਸ਼ਨ ਵਾਸੀ ਛੱਜੂਮਾਜਰਾ, ਜ਼ਿਲ੍ਹਾ ਅੰਬਾਲਾ ਨੇ ਮਾਰਿਆ। ਚਾਕੂ ਮਾਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।ਅਮਨਦੀਪ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਬਾਅਦ ’ਚ ਲਾਸ਼ ਨੂੰ ਡੇਰਾਬੱਸੀ ਸਿਵਲ ਹਸਪਤਾਲ ’ਚ ਰਖਵਾਇਆ ਗਿਆ। ਗਗਨਦੀਪ ਦੇ ਬਿਆਨ ’ਤੇ ਪੁਲਸ ਨੇ ਜਸ਼ਨ ਤੋਂ ਇਲਾਵਾ ਜਨਮਦਿਨ ਬੁਆਏ ਪ੍ਰੀਤ ਵਾਸੀ ਪਿੰਡ ਮੰਡੋਰ ਅਤੇ ਹੈਪੀ ਪਿੰਡ ਮੰਡੋਰ ਸਮੇਤ ਉਨ੍ਹਾਂ ਦੇ ਅੱਧਾ ਦਰਜਨ ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਡੇਰਾਬੱਸੀ ਸਿਵਲ ਹਸਪਤਾਲ ’ਚ ਤਿੰਨ ਡਾਕਟਰਾਂ ਦੀ ਟੀਮ ਵੱਲੋਂ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ।
#😱ਜਨਮਦਿਨ ਪਾਰਟੀ 'ਚ ਦੋਸਤ ਵੱਲੋਂ ਦੋਸਤ ਦਾ ਕਤਲ