Harmander Virk
544 views • 3 months ago
#🧠ਵਿਸ਼ਵ ਤਣਾਅ ਦਿਵਸ #🤘 My Status ਭਰੇ ਖ਼ਜ਼ਾਨੇ ਸਾਹਿਬ ਨੇ, ਹੁਣ ਪੀਣ ਨਾ ਦਿੰਦੇ…
ਦੱਸ ਦੇਵਾਂ! ਮੈਂ ਚੜ੍ਹਦੀ ਕਲਾ ‘ਚ ਹਾਂ, ਇਹ ਤਾਂ ਊਈਂ!
ਸਾਰੀ ਉਮਰ ਗੋਲ਼ੀ ਤੋਂ ਬਚਦੇ ਰਹੇ, ਹੁਣ ਗੋਲ਼ੀ ਖਾਣ ਲਈ ਕਹਿ ਰਹੇ ਨੇ,
ਜ਼ਿੰਦਗੀ ਭਰ ਬੰਦੂਕ ਚੁੱਕੀ, ਹੁਣ ਗਿਲਾਸ ਚੁੱਕਣ ‘ਤੇ ਨਸੀਹਤਾਂ ਦੇ ਰਹੇ ਨੇ!
ਕੌਣ ਜਾਣੇ! ਇਹ ਸ਼ਰਾਬ ਨਹੀਂ ਸੰਭਾਲ ਰੱਖੀ, ਇਹ ਤਾਂ ਅਸੀਂ ਆਪਣੀਆਂ ਅਧੂਰੀਆਂ ਕਹਾਣੀਆਂ ਸੰਭਾਲ ਕੇ ਬੈਠੇ ਹਾਂ! ਜਵਾਨੀ ਬਾਰਡਰਾਂ ਨੂੰ ਦੇ ਆਏ, ਹੁਣ ਜੀਵਨ ਸਲਾਹਾਂ ਵਿੱਚ ਲੰਘਾਂ ਰਹੇ ਹਾਂ। ਦੇਸ਼ ਦੇ ਰਾਖੇ ਅਕਸਰ ਚੁੱਪ ਹੁੰਦੇ ਨੇ ਕਿਉਂਕਿ ਉਹ ਹਰ ਦਰਦ ਨੂੰ ਵੀ ਡਿਊਟੀ ਸਮਝ ਕੇ ਸਹਿੰਦੇ ਹਨ। ਤੁਸੀਂ ਕੀ ਜਾਣੋ? ਜਿਸ ਨੇ ਮੌਤ ਨੂੰ ਨੇੜੇ ਤੋਂ ਵੇਖਿਆ ਹੋਵੇ, ਉਹ ਜ਼ਿੰਦਗੀ ਨੂੰ ਕਿਵੇਂ ਸੰਭਾਲ ਕੇ ਰੱਖਦਾ ਹੈ। ਇਹ ਸ਼ਰਾਬ ਦੀਆਂ ਬੋਤਲਾਂ ਨਹੀਂ, ਵੀਹ ਵਰ੍ਹਿਆਂ ਦੀਆਂ ਕੁਰਬਾਨੀਆਂ ਦੀਆਂ ਖ਼ਾਮੋਸ਼ ਕਹਾਣੀਆਂ ਹਨ।
ਜਿਸ ਬੰਦੇ ਨੇ ਵੀਹ ਸਾਲ ਆਪਣੀ ਨੀਂਦ, ਆਪਣੀ ਭੁੱਖ, ਆਪਣੀਆਂ ਖ਼ਾਹਿਸ਼ਾਂ ਤੇ ਆਪਣੇ ਪਰਿਵਾਰ ਤੋਂ ਵੱਧ ਦੇਸ਼ ਨੂੰ ਪਹਿਲ ਦਿੱਤੀ ਹੋਵੇ, ਉਸ ਦੀ ਅਲਮਾਰੀ ਵਿੱਚ ਪਈ ਹਰ ਚੀਜ਼ ਨੂੰ ਸਮਝਣ ਲਈ ਸਿਰਫ਼ ਅੱਖਾਂ ਨਹੀਂ, ਵੱਡਾ ਦਿਲ, ਤੰਦਰੁਸਤ ਦਿਮਾਗ਼ ਤੇ ਪਹਾੜ ਵਰਗਾ ਜਿਗਰਾ ਚਾਹੀਦਾ ਹੈ। ਸਧਾਰਨ ਲੋਕ ਤਸਵੀਰ ਵੇਖ ਕੇ ਕਹਿ ਕਹਿਣਗੇ ਕਿ…
“ਬਹੁਤ ਸ਼ਰਾਬ ਇਕੱਠੀ ਕਰ ਰੱਖੀ ਆ…” ਪਰ ਕੋਈ ਇਹ ਨਹੀਂ ਪੁੱਛੇਗਾ ਕਿ “ਇਹ ਇਕੱਠੀ ਕਰਨ ਵਾਲੇ ਨੇ ਆਪਣੀ ਜ਼ਿੰਦਗੀ ਵਿੱਚੋਂ ਜਵਾਨੀ ਨੂੰ ਕਿੰਨਾ ਕੁ ਖ਼ਰਚ ਦਿੱਤਾ ਸੀ?”
ਦੇਸ਼ ਦੇ ਰਾਖਿਆਂ ਦੀ ਜ਼ਿੰਦਗੀ ਆਮ ਬੰਦੇ ਵਰਗੀ ਨਹੀਂ ਹੁੰਦੀ। ਆਮ ਬੰਦਾ ਸਵੇਰੇ ਘਰੋਂ ਨਿਕਲਦਾ ਹੈ ਤੇ ਸ਼ਾਮ ਨੂੰ ਵਾਪਸ ਆ ਜਾਂਦਾ ਹੈ। ਪਰ ਫੌਜੀ ਜਦੋਂ ਘਰੋਂ ਨਿਕਲਦਾ ਹੈ ਤਾਂ ਉਸ ਨੂੰ ਆਪ ਵੀ ਨਹੀਂ ਪਤਾ ਹੁੰਦਾ ਕਿ ਵਾਪਸ ਆਉਣਾ ਵੀ ਹੈ ਜਾਂ ਨਹੀਂ। ਜਿਸ ਦਿਨ ਤੋਂ ਵਰਦੀ ਪੈ ਜਾਂਦੀ ਹੈ, ਉਸ ਦਿਨ ਤੋਂ ਉਸ ਦੀ ਆਪਣੀ ਜ਼ਿੰਦਗੀ ਵੀ ਉਸ ਦੀ ਨਹੀਂ ਰਹਿੰਦੀ।
ਉਸ ਦੇ ਦਿਨ ਹੁਕਮਾਂ ਦੇ ਹੋ ਜਾਂਦੇ ਨੇ, ਉਸ ਦੀਆਂ ਰਾਤਾਂ ਡਿਊਟੀਆਂ ਦੀਆਂ ਹੋ ਜਾਂਦੀਆਂ ਨੇ, ਉਸ ਦੇ ਤਿਉਹਾਰ ਬਾਰਡਰਾਂ ਦੇ ਹੋ ਜਾਂਦੇ ਨੇ, ਉਸ ਦੀਆਂ ਖੁਸ਼ੀਆਂ ਫੋਨਾਂ ਦੀਆਂ ਘੰਟੀਆਂ ਵਿੱਚ ਕੈਦ ਹੋ ਜਾਂਦੀਆਂ ਨੇ! ਕਿਉਂਕਿ ਦੇਸ਼ ਨੂੰ ਇੱਕ ਸਿਪਾਹੀ ਚਾਹੀਦਾ ਹੁੰਦਾ ਹੈ… ਪਰ ਉਸ ਸਿਪਾਹੀ ਦੇ ਘਰ ਨੂੰ ਇੱਕ ਪੁੱਤ, ਇੱਕ ਪਤੀ, ਇੱਕ ਪਿਉ ਚਾਹੀਦਾ ਹੁੰਦਾ ਹੈ। ਇਹ ਉਹ ਜੰਗ ਹੈ, ਜੋ ਹਰ ਫੌਜੀ ਬਿਨ ਜੰਗ ਤੋਂ ਵੀ ਹਰ ਰੋਜ਼ ਆਪਣੇ ਅੰਦਰ ਨਾਲ ਲੜਦਾ ਹੈ। ਉਸ ਸਮੇਂ ਸ਼ਰਾਬ ਦੀ ਨਹੀਂ, ਉਸ ਨੂੰ ਘਰ ਦੀ ਤਲਬ ਹੁੰਦੀ ਹੈ। ਪਰ ਉਸ ਤਲਬ ਨੂੰ ਦਬਾਉਣ ਲਈ, ਉਹ ਫੌਜ ਵੱਲੋਂ ਮਿਲਦੇ ਦੋ ਜਾਮ ਮਾਰ ਕੇ ਯਾਦਾਂ ਨੂੰ ਜ਼ਿਆਦਾ ਨਿਗਲਦਾ ਹੈ ਤੇ ਆਪਣੇ ਆਪ ਨੂੰ ਪੱਥਰ ਬਣਾਉਂਦਾ ਜਾਂਦਾ ਹੈ। ਫਿਰ ਅਗਾਂਹ ਵੀਹ ਸਾਲ… ਇਹ ਕੋਈ ਛੋਟਾ ਸਮਾਂ ਨਹੀਂ ਹੁੰਦਾ। ਇਸ ਦੌਰਾਨ ਉਸ ਨੇ ਕੀ ਨਹੀਂ ਗੁਆਇਆ ਹੁੰਦਾ?
ਕਿਸੇ ਦੀ ਮਾਂ ਦਾ ਅੰਤਿਮ ਸੰਸਕਾਰ ਛੁੱਟ ਜਾਂਦਾ ਹੈ।
ਕਿਸੇ ਦੀ ਧੀ ਦਾ ਜਨਮ।
ਕਿਸੇ ਦੇ ਪੁੱਤ ਦਾ ਪਹਿਲਾਂ ਸਕੂਲ ਦਿਹਾੜਾ।
ਕਿਸੇ ਦੀ ਵਿਆਹ ਦੀ ਵਰ੍ਹੇਗੰਢ।
ਕਿਸੇ ਦਾ ਆਪਣਾ ਜਨਮਦਿਨ…
ਉਹ ਹਰ ਵਾਰੀ ਆਪਣੇ ਮਨ ਨੂੰ ਇਹੀ ਕਹਿ ਕੇ ਚੁੱਪ ਕਰਾ ਦਿੰਦਾ ਹੈ “ਕਮਲ਼ਿਆਂ ਮਜਬੂਰੀਆਂ ਪਹਿਲਾਂ ਨੇ…” ਕੋਈ ਕਿਸਮਤ ਦਾ ਧਨੀ ਫੌਜੀ ਵੀਰ ਹੀ ਸੇਵਾ ਮੁਕਤ ਹੋ ਕੇ ਆਪਣੇ ਘਰ ਵਿੱਚ “ਮਹਿਮਾਨ” ਵਾਂਗ ਮਹਿਸੂਸ ਕਰਦਾ ਹੈ। ਜਦੋਂ ਉਸ ਨੂੰ ਹਰ ਮਹੀਨੇ ਚਾਰ ਬੋਤਲਾਂ ਮਿਲਦੀਆਂ ਨੇ ਤਾਂ ਉਹ ਸਿਰਫ਼ ਸ਼ਰਾਬ ਨਹੀਂ ਲੈਂਦਾ… ਸ਼ਾਇਦ ਆਪਣੀ ਖੋਹੀ ਹੋਈ ਆਜ਼ਾਦੀ ਨੂੰ ਹੱਥ ਪਾਉਂਦਾ ਹੈ। ਪਰ ਜੀਵਨ ਦੀ ਅਜੀਬ ਵਿਡੰਬਨਾ ਵੇਖੋ…
ਜਿਸ ਉਮਰ ਵਿੱਚ ਇਨਸਾਨ ਸੋਚਦਾ ਹੈ ਕਿ “ਹੁਣ ਆਪਣੀ ਮਰਜ਼ੀ ਨਾਲ ਜੀਵਾਂਗੇ…” ਉਸ ਉਮਰ ਵਿੱਚ ਡਾਕਟਰ ਉਸ ਦੇ ਸਾਹਮਣੇ ਰਿਪੋਰਟਾਂ ਰੱਖ ਦਿੰਦਾ ਹੈ।
“ਸ਼ੂਗਰ ਵੱਧ ਗਈ…”
“ਬਲੱਡ ਪ੍ਰੈਸ਼ਰ ਕਾਬੂ ਵਿੱਚ ਰੱਖੋ…”
“ਦਿਲ ਦੀ ਸੰਭਾਲ ਕਰੋ…”
“ਸ਼ਰਾਬ ਤੋਂ ਦੂਰ ਰਹੋ…”
ਡਾਕਟਰ ਗ਼ਲਤ ਨਹੀਂ ਹੁੰਦਾ।
ਉਹ ਸਰੀਰ ਦੀ ਭਾਸ਼ਾ ਸਮਝਦਾ ਹੈ।
ਉਹ ਜਾਣਦਾ ਹੈ ਕਿ ਰੋਜ਼ ਦੀ ਸ਼ਰਾਬ ਹੌਲੀ-ਹੌਲੀ ਸਰੀਰ ਨੂੰ ਅੰਦਰੋਂ ਖਾ ਜਾਂਦੀ ਹੈ। ਪਰ ਜ਼ਿੰਦਗੀ ਦਾ ਇੱਕ ਹੋਰ ਸੱਚ ਇਹ ਵੀ ਹੈ ਕਿ ਸਿਰਫ਼ ਸਰੀਰ ਹੀ ਨਹੀਂ ਥੱਕਦਾ, ਮਨ ਵੀ ਥੱਕ ਜਾਂਦਾ ਹੈ। ਮਨ ਦੀ ਥਕਾਵਟ ਦੀ ਕੋਈ ਦਵਾਈ ਨਹੀਂ ਹੁੰਦੀ। ਕਈ ਵਾਰ ਇਨਸਾਨ ਸ਼ਰਾਬ ਨਹੀਂ ਪੀਂਦਾ, ਪਰ ਉਹ ਆਪਣੇ ਅੰਦਰ ਦੀ ਖ਼ਾਮੋਸ਼ੀ ਨੂੰ ਘੁੱਟਾਂ ਵਿੱਚ ਨਿਗਲਦਾ ਹੈ।
ਉਹ! ਉਹ ਸਾਰੀਆਂ ਰਾਤਾਂ ਪੀਂਦਾ ਹੈ ਜਦੋਂ ਉਹ ਇਕੱਲਾ ਸੀ।
ਉਹ! ਉਹ ਸਾਰੀਆਂ ਯਾਦਾਂ ਪੀਂਦਾ ਹੈ ਜਿਹੜੀਆਂ ਉਸ ਨੇ ਦਿਲ ਵਿੱਚ ਦੱਬ ਕੇ ਰੱਖੀਆਂ ਨੇ।
ਉਹ! ਉਹ ਸਾਰੇ ਅਧੂਰੇ ਪਲ਼ ਪੀਂਦਾ ਹੈ ਜੋ ਉਸ ਦੀ ਡਿਊਟੀ ਨੇ ਉਸ ਤੋਂ ਖੋਹ ਲਏ।
ਤਸਵੀਰ ਵਿੱਚ ਪਈਆਂ ਬੋਤਲਾਂ ਨੂੰ ਸਿਰਫ਼ ਨਸ਼ਾ ਸਮਝਣਾ ਗ਼ਲਤ ਹੋਵੇਗਾ। ਇਹ ਤਾਂ ਇੱਕ ਫੌਜੀ ਦੀ ਮਨੋਦਸ਼ਾ ਦਾ ਮਿਊਜ਼ੀਅਮ ਹੈ। ਉੱਪਰ ਸਜੇ ਕੱਚ ਦੇ ਗਿਲਾਸ ਵੀ ਬਹੁਤ ਕੁਝ ਕਹਿੰਦੇ ਨੇ, ਉਹ ਅਜੇ ਵੀ ਨਵੇਂ ਪਏ ਨੇ, ਸ਼ਾਇਦ ਬੰਦਾ ਅਜੇ ਵੀ “ਕਿਸੇ ਖ਼ਾਸ ਦਿਨ” ਦੀ ਉਡੀਕ ਕਰ ਰਿਹਾ ਹੈ। ਪਰ ਜ਼ਿੰਦਗੀ ਦਾ ਸਭ ਤੋਂ ਵੱਡਾ ਧੋਖਾ ਹੀ ਇਹ ਹੈ ਕਿ ਉਹ “ਖ਼ਾਸ ਦਿਨ” ਕਦੇ ਨਹੀਂ ਆਉਂਦਾ। ਇਨਸਾਨ ਸਾਰੀ ਉਮਰ ਚੀਜ਼ਾਂ ਸੰਭਾਲਦਾ ਰਹਿੰਦਾ ਹੈ।
ਚੰਗੇ ਕੱਪੜੇ…
ਨਵੇਂ ਬਰਤਨ…
ਮਹਿੰਗੀਆਂ ਚੀਜ਼ਾਂ…
ਸ਼ੌਕ…
ਖ਼ਾਹਿਸ਼ਾਂ…
ਪਰ ਸਮਾਂ ਕਦੇ ਨਹੀਂ ਰੁਕਦਾ, ਇੱਕ ਦਿਨ ਸਰੀਰ ਕਹਿ ਦਿੰਦਾ ਹੈ “ਹੁਣ ਨਹੀਂ…” ਫਿਰ ਅਲਮਾਰੀਆਂ ਭਰੀਆਂ ਰਹਿ ਜਾਂਦੀਆਂ ਨੇ ਤੇ ਮਨੁੱਖ ਅੰਦਰੋਂ ਖਾਲ਼ੀ ਹੋ ਜਾਂਦਾ ਹੈ। ਸੱਚ ਪੁੱਛੋ ਤਾਂ ਇਹ ਵਾਰਤਕ ਸ਼ਰਾਬ ਬਾਰੇ ਨਹੀਂ ਹੈ। ਇਹ ਉਸ ਸਮਾਜ ਬਾਰੇ ਹੈ ਜੋ ਇਨਸਾਨ ਨੂੰ ਸਾਰੀ ਉਮਰ ਜ਼ਿੰਮੇਵਾਰੀਆਂ ਵਿੱਚ ਜੋੜ ਕੇ ਰੱਖਦਾ ਹੈ।
ਬਚਪਨ ਵਿੱਚ ਕਹਿੰਦਾ ਹੈ— “ਪੜ੍ਹ ਲੈ…”
ਜਵਾਨੀ ਵਿੱਚ ਕਹਿੰਦਾ ਹੈ— “ਕਮਾ ਲੈ…”
ਵਿਆਹ ਤੋਂ ਬਾਅਦ— “ਬੱਚਿਆਂ ਲਈ ਜੀ…”
ਬੁਢਾਪੇ ਵਿੱਚ— “ਹੁਣ ਪਰਹੇਜ਼ ਕਰ…”
ਇਸ ਸਾਰੇ ਸਫ਼ਰ ਵਿੱਚ ਇਨਸਾਨ ਆਪਣੇ ਲਈ ਜਿਉਂਦਾ ਕਦੋਂ ਹੈ? ਦੇਸ਼ ਦਾ ਰਾਖਾ ਵੀ ਆਖ਼ਿਰ ਇਨਸਾਨ ਹੀ ਹੁੰਦਾ ਹੈ। ਉਸ ਦੇ ਵੀ ਸ਼ੌਕ ਹੁੰਦੇ ਨੇ। ਉਸ ਦੀਆਂ ਵੀ ਖ਼ਾਹਿਸ਼ਾਂ ਹੁੰਦੀਆਂ ਨੇ। ਉਹ ਵੀ ਕਦੇ ਕਦੇ ਬਿਨਾਂ ਡਰ ਦੇ ਹੱਸਣਾ ਚਾਹੁੰਦਾ ਹੈ। ਪਰ ਦੁੱਖ ਇਹ ਹੈ ਕਿ ਲੋਕ ਉਸ ਦੀ ਵਰਦੀ ਨੂੰ ਤਾਂ ਸਲਾਮ ਕਰਦੇ ਨੇ, ਪਰ ਉਸ ਦੀ ਮਨੋਦਸ਼ਾ ਨੂੰ ਬਿਲਕੁਲ ਵੀ ਨਹੀਂ ਸਮਝਦੇ। ਇਸ ਲਈ ਜਦੋਂ ਤੁਸੀਂ ਕਿਸੇ ਫੌਜੀ ਦੀ ਅਲਮਾਰੀ ਵਿੱਚ ਸ਼ਰਾਬ ਦੀਆਂ ਬੋਤਲਾਂ ਵੇਖੋ ਤਾਂ ਸਿਰਫ਼ ਇਹ ਨਾ ਸੋਚੋ ਕਿ “ਇਹ ਬੰਦਾ ਪੀਂਦਾ ਬਹੁਤ ਹੋਵੇਗਾ…” ਸੱਚ ਇਹ ਹੁੰਦਾ ਹੈ ਕਿ ਉਹ ਬੰਦਾ ਸਾਰੀ ਉਮਰ ਆਪਣੀਆਂ ਖ਼ਾਹਿਸ਼ਾਂ ਨੂੰ ਪੀਂਦਾ ਆਇਆ ਹੁੰਦਾ ਹੈ।
ਸਮਾਜ ਬਾਰੇ ਸੋਚਦਾ ਇਹ ਸੋਚਦਾ ਹੈ ਕਿ ‘ਮੈਥੋਂ ਮੇਰਾ ਆਪਣਾ ਆਹ ਮਿਲਦਾ ਰਾਸ਼ਨ ਨਹੀਂ ਵਰਤਿਆ ਜਾਂਦਾ, ਲੋਕ ਪਤਾ ਨਹੀਂ ਕਿਵੇਂ, ਕਿਸੇ ਦਾ ਹੱਕ ਖਾਈ ਜਾਂਦੇ ਆ..? ਕੀ ਉਨ੍ਹਾਂ ਮੌਤ ਯਾਦ ਨਹੀਂ..?
✍🏻ਹਰਫੂਲ ਸਿੰਘ ਭੁੱਲਰ
🌹 ਹਰਮੰਦਰ ਸਿੰਘ ਵਿਰਕ
📞+919463215026
14 likes
14 shares